ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਟੀਮ ਪ੍ਰਬੰਧਕਾਂ ਨੂੰ ਵਿਰਾਟ ਕੋਹਲੀ ਦੀ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਸ਼ਾਨਦਾਰ ਲੈਅ ’ਤੇ ਵਿਚਾਰ ਕਰਦਿਆਂ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਉਸ ਤੋਂ ਪਾਰੀ ਦਾ ਆਗਾਜ਼ ਕਰਵਾਉਣਾ ਚਾਹੀਦਾ ਹੈ। ਇਸ ਆਈਪੀਐਲ ਵਿੱਚ ਕੋਹਲੀ ਨੇ 12 ਮੈਚਾਂ ਵਿੱਚ 70.44 ਦੀ ਔਸਤ ਨਾਲ 153.51 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 634 ਦੌੜਾਂ ਬਣਾਈਆਂ ਹਨ ਅਤੇ ਇਹ ਸਟ੍ਰਾਈਕ ਰੇਟ ਉਸ ਦੇ ਕਰੀਅਰ ਦੇ 134.31 ਦੇ ਸਟ੍ਰਾਈਕ ਰੇਟ ਤੋਂ ਕਿਤੇ ਵੱਧ ਹੈ।
ਗਾਂਗੁਲੀ ਨੇ ਇੱਥੇ ਇੱਕ ਸਮਾਗਮ ਦੌਰਾਨ ਕਿਹਾ, “ਵਿਰਾਟ ਬਹੁਤ ਵਧੀਆ ਖੇਡ ਰਿਹਾ ਹੈ। ਬੀਤੀ ਰਾਤ ਖੇਡੀ 92 ਦੌੜਾਂ ਦੀ ਪਾਰੀ ਵੱਲ ਦੇਖਦਿਆਂ ਤੁਹਾਨੂੰ ਉਸ ਨੂੰ ਟੀ-20 ਵਿਸ਼ਵ ਕੱਪ ’ਚ ਬਤੌਰ ਸਲਾਮੀ ਬੱਲੇਬਾਜ਼ ਵਰਤਣਾ ਚਾਹੀਦਾ ਹੈ। ਉਸ ਦੀਆਂ ਪਿਛਲੀਆਂ ਕੁਝ ਆਈਪੀਐੱਲ ਪਾਰੀਆਂ ਸ਼ਾਨਦਾਰ ਰਹੀਆਂ ਹਨ। ਇਸ ਲਈ ਉਸ ਕੋਲੋਂ ਪਾਰੀ ਦੀ ਸ਼ੁਰੂਆਤ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਟੀ-20 ਵਿਸ਼ਵ ਕੱਪ ਲਈ ਇੱਕ ਸੰਤੁਲਿਤ ਟੀਮ ਦੀ ਚੋਣ ਕੀਤੀ ਹੈ ਜੋ 17 ਸਾਲਾਂ ਦੇ ਸਮੇਂ ਮਗਰੋਂ ਟਰਾਫੀ ਜਿੱਤ ਸਕਦੀ ਹੈ। -ਪੀਟੀਆਈ