ਅੰਮ੍ਰਿਤਸਰ, 5 ਫਰਵਰੀ:
ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ‘ਤੇ ਕਾਰਵਾਈ ਕਰਦਿਆਂ 205 ਵਿਅਕਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਹ ਵਿਸ਼ੇਸ਼ ਵਿਮਾਨ ਅੱਜ ਦੁਪਹਿਰ 1 ਵਜੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ‘ਤੇ ਉਤਰੇਗਾ। ਇਥੇ ਪਹੁੰਚਣ ‘ਤੇ ਪਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਇਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਘਰ ਭੇਜ ਦਿੱਤਾ ਜਾਵੇਗਾ।
ਅਮਰੀਕੀ ਫੌਜ ਦਾ C-17 ਜਹਾਜ਼ ਮੰਗਲਵਾਰ ਨੂੰ ਸੈਨ ਅੰਟੋਨਿਓ ਤੋਂ ਉੱਡਾਣ ਭਰ ਚੁੱਕਾ ਹੈ, ਜਿਸ ‘ਚ ਇਹਨਾਂ ਸਭ ਭਾਰਤੀ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ। ਹਾਲ ਹੀ ‘ਚ ਅਮਰੀਕੀ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਭਾਰਤੀ ਸਮੇਂ ਮੁਤਾਬਕ, ਇਹ ਜਹਾਜ਼ ਬੁੱਧਵਾਰ ਸਵੇਰੇ ਲਗਭਗ 9 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰੇਗਾ। ਇਮੀਗ੍ਰੇਸ਼ਨ ਜਾਂਚ ਹੋਵੇਗੀ, ਅਤੇ ਇਹ ਵੀ ਵੇਖਿਆ ਜਾਵੇਗਾ ਕਿ ਕੀ ਇਨ੍ਹਾਂ ਵਿੱਚੋਂ ਕਿਸੇ ਉਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਕ੍ਰਿਮਿਨਲ ਕੇਸ ਦਰਜ ਹਨ। ਜੇਕਰ ਕਿਸੇ ਉਤੇ ਕੋਈ ਮਾਮਲਾ ਹੋਇਆ, ਤਾਂ ਉਸ ਨੂੰ ਥਾਂ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡੋਂਕੀ ਰੂਟ ਰਾਹੀਂ ਪਹੁੰਚੇ ਵਿਅਕਤੀ
ਜਿਨ੍ਹਾਂ ਵਿਅਕਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਉਹ ਸਾਰੇ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕਰਨ ਲਈ “ਡੋਂਕੀ ਰੂਟ” ਵਰਤਦੇ ਹਨ। ਐਜੰਟ ਪ੍ਰਤੀ ਵਿਅਕਤੀ ₹35 ਤੋਂ ₹40 ਲੱਖ ਲੈਂਦੇ ਹਨ ਅਤੇ ਉਨ੍ਹਾਂ ਨੂੰ ਮੈਕਸੀਕੋ, ਪਨਾਮਾ ਤੇ ਹੋਰ ਦੇਸ਼ਾਂ ਦੇ ਜੰਗਲਾਂ ਰਾਹੀਂ ਅਮਰੀਕਾ ‘ਚ ਦਾਖਲ ਕਰਵਾਉਂਦੇ ਹਨ। ਬਹੁਤ ਸਾਰੇ ਵਿਅਕਤੀ ਇਸ ਖਤਰਨਾਕ ਯਾਤਰਾ ਦੌਰਾਨ ਭੁੱਖ, ਤਿਹਾਸ਼ੀ ਹਾਲਾਤ ਜਾਂ ਹੋਰ ਮੁਸ਼ਕਲਾਂ ਕਰਕੇ ਆਪਣੀ ਜਾਨ ਵੀ ਗਵਾ ਦਿੰਦੇ ਹਨ।
ਅਧਿਕਾਰੀਆਂ ਦੀ ਕੜੀ ਨਿਗਰਾਨੀ ਹੇਠ ਇਨ੍ਹਾਂ ਲੋਕਾਂ ਨੂੰ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ। ਦਸਤਾਵੇਜ਼ਾਂ ਦੀ ਜਾਂਚ ਪੂਰੀ ਹੋਣ ‘ਤੇ ਹੋਰ ਲਾਜ਼ਮੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।