ਚੰਡੀਗੜ੍ਹ, 7 ਨਵੰਬਰ:
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ.ਆਰ.ਐੱਸ.ਐੱਫ.ਪੀ.ਆਈ.) ਐਸ.ਏ.ਐੱਸ. ਨਗਰ ਦੇ ਕੈਡਿਟ ਕਰਮਨ ਸਿੰਘ ਤਲਵਾੜ ਨੇ ਭਾਰਤੀ ਫੌਜ ਦੀ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.)-52 ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਨਵੀਂ ਦਿੱਲੀ ਸਥਿਤ ਆਰਮੀ ਹੈੱਡਕੁਆਰਟਰ ਵੱਲੋਂ ਅੱਜ ਸ਼ਾਮ ਨੂੰ ਇਹ ਮੈਰਿਟ ਸੂਚੀ ਜਾਰੀ ਕੀਤੀ ਗਈ। ਕਰਮਨ ਸਿੰਘ ਤਲਵਾੜ ਤੋਂ ਇਲਾਵਾ ਇਸ ਇੰਸਟੀਚਿਊਟ ਦੇ ਤਿੰਨ ਹੋਰ ਕੈਡਿਟਾਂ ਨੇ ਵੀ ਇਸ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕੀਤਾ ਹੈ। ਇਸ ਮੈਰਿਟ ਸੂਚੀ ਵਿੱਚ ਮਾਨਸ ਤਨੇਜਾ ਨੇ 22ਵਾਂ ਰੈਂਕ, ਅਨੀਕੇਤ ਸ਼ਰਮਾ ਨੇ 31ਵਾਂ ਅਤੇ ਸੂਰਯਵਰਧਨ ਸਿੰਘ ਨੇ 37ਵਾਂ ਰੈਂਕ ਹਾਸਲ ਕੀਤਾ ਹੈ।
ਕਰਮਨ ਸਿੰਘ ਤਲਵਾੜ ਇੰਡੀਅਨ ਬੈਂਕ ਦੇ ਐਡੀਸ਼ਨਲ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਤਲਵਾੜ ਅਤੇ ਪ੍ਰੋਫੈਸਰ ਰਵਜੀਤ ਕੌਰ ਤਲਵਾੜ ਵਾਸੀ ਐਸ.ਏ.ਐਸ ਨਗਰ (ਮੁਹਾਲੀ) ਦੇ ਪੁੱਤਰ ਹਨ, ਜਿਸ ਨੇ ਐਨ.ਡੀ.ਏ.-153 ਮੈਰਿਟ ਸੂਚੀ ਵਿੱਚ ਵੀ ਜਗ੍ਹਾ ਬਣਾਈ ਸੀ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਦੀ ਟੈਕਨੀਕਲ ਐਂਟਰੀ ਸਕੀਮ ਤਹਿਤ ਇੰਜੀਨੀਅਰਜ਼, ਸਿਗਨਲਜ਼ ਅਤੇ ਇਲੈਕਟ੍ਰੀਕਲ ਮਕੈਨੀਕਲ ਇੰਜੀਨੀਅਰਿੰਗ (ਈ.ਐਮ.ਈ.) ਸਮੇਤ ਤਕਨੀਕੀ ਸ਼ਾਖਾਵਾਂ ਦੇ ਉਮੀਦਵਾਰਾਂ ਨੂੰ ਸਿਖਲਾਈ ਦਿੰਦੀ ਹੈ। ਟੀ.ਈ.ਐਸ. ਉਮੀਦਵਾਰ ਪੁਣੇ (ਮਹਾਰਾਸ਼ਟਰ), ਮਹੂ (ਮੱਧ ਪ੍ਰਦੇਸ਼) ਅਤੇ ਸਿਕੰਦਰਾਬਾਦ (ਤੇਲੰਗਾਨਾ) ਵਿੱਚ ਸਥਿਤ ਕੈਡੇਟ ਸਿਖਲਾਈ ਵਿੰਗਾਂ ਵਿੱਚ ਸਿਖਲਾਈ ਪ੍ਰਾਪਤ ਕਰਦੇ ਹਨ।
ਕੈਡਿਟਾਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਭਾਰਤ ਦੇ ਰੱਖਿਆ ਬਲਾਂ ਦੇ ਭਵਿੱਖੀ ਅਫ਼ਸਰ ਬਣਨ ਵੱਲ ਇਨ੍ਹਾਂ ਨੌਜਵਾਨਾਂ ਦੇ ਵਿਸ਼ੇਸ਼ ਯਤਨਾਂ ਨੂੰ ਦਰਸਾਉਂਦਾ ਹੈ। ਕੈਬਨਿਟ ਮੰਤਰੀ ਨੇ ਕੈਡਿਟਾਂ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. ਨੇ ਵੀ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਐਨਡੀਏ ਤੋਂ ਇਲਾਵਾ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.) ਲਈ ਕੈਡਿਟਾਂ ਨੂੰ ਸਿਖਲਾਈ ਦੇਣ ਲਈ ਵਚਨਬੱਧ ਹੈ। ਪਿਛਲੇ ਦੋ ਸਾਲਾਂ ਵਿੱਚ ਸੰਸਥਾ ਦੇ 6 ਕੈਡਿਟ ਟੀ.ਈ.ਐਸ. ਲਈ ਚੁਣੇ ਗਏ ਹਨ ਅਤੇ ਮੌਜੂਦਾ ਸਮੇਂ ਸਿਖਲਾਈ ਲੈ ਰਹੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 15ਵੇਂ ਕੋਰਸ ਲਈ ਦਾਖ਼ਲਾ ਪ੍ਰਕਿਰਿਆ ਜਲਦ ਹੋਵੇਗੀ