ਚੰਡੀਗੜ੍ਹ, 11 ਦਸੰਬਰ:
ਚੰਡੀਗੜ੍ਹ ਵਿਖੇ 14 ਅਤੇ 21 ਦਸੰਬਰ ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿਖੇ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੁਸਾਂਝ ਅਤੇ ਏ ਪੀ ਢਿੱਲੋਂ ਦੇ ਸਮਾਗਮਾਂ ਨੂੰ ਕਰਨ ਔਜਲਾ ਵੱਲੋਂ ਪਿਛਲੇ ਹਫ਼ਤੇ ਕੀਤੇ ਗਏ ਅਜਿਹੇ ਹੀ ਸੰਗੀਤ ਸਮਾਰੋਹ ਦੌਰਾਨ ਟ੍ਰੈਫਿਕ ਜਾਮ ਅਤੇ ਹੋਰ ਮੁਸ਼ਕਿਲਾਂ ਕਾਰਨ ਚੰਡੀਗੜ੍ਹ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੈਕਟਰ 34 ਵਿੱਚ ਸੰਗੀਤ ਸਮਾਰੋਹ ਦੇ ਇਸ ਮੁੱਦੇ ਨੂੰ ਲੈ ਕੇ ਅਰੁਣ ਸੂਦ, ਸਾਬਕਾ ਪ੍ਰਧਾਨ ਭਾਜਪਾ ਚੰਡੀਗੜ੍ਹ ਅਤੇ ਸਾਬਕਾ ਮੇਅਰ ਚੰਡੀਗੜ੍ਹ ਦੀ ਅਗਵਾਈ ਵਿੱਚ ਇੱਕ ਵਫ਼ਦ ਜਿਸ ਵਿੱਚ ਡਾ: ਰਮਨੀਕ ਬੇਦੀ ਨੈਸ਼ਨਲ ਚੇਅਰਮੈਨ ਇੰਡੀਅਨ ਮੈਡੀਕਲ ਐਸੋਸੀਏਸ਼ਨ, ਡਾ: ਪਵਨ ਬਾਂਸਲ ਪ੍ਰਧਾਨ ਆਈ.ਐਮ.ਏ ਚੰਡੀਗੜ੍ਹ, ਡਾ: ਨਿਰਮਲ ਭਸੀਨ ਸਕੱਤਰ ਆਈ.ਐਮ.ਏ ਚੰਡੀਗੜ੍ਹ ,
ਹਿਤੇਸ਼ ਪੁਰੀ ਚੇਅਰਮੈਨ,
ਕੌਂਸਲਰ ਉਮੇਸ਼ ਘਈ, ਰਾਜੀਵ ਰਾਏ, ਡਾ. ਅਨੀਸ਼ ਗਰਗ ਵਾਈਸ ਚੇਅਰਮੈਨ CRAWFED.
ਚਰਨਜੀਵ ਸਿੰਘ ਪਰਧਾਨ, ਪਰਸ਼ੋਤਮ ਮਹਾਜਨ, ਅਨਿਲ ਵੋਹਰਾ, ਸੁਭਾਸ਼ ਨਾਰੰਗ,ਸੰਜੀਵ ਚੱਢਾ ਚੰਡੀਗੜ੍ਹ ਵਪਾਰ ਮੰਡਲ ਤੋਂ , ਮਨਿੰਦਰ ਸਿੰਘ ਚੇਅਰਮੈਨ,ਯਸ਼ਪਾਲ ਚੱਢਾ ਪ੍ਰਧਾਨ ਸੈਕਟਰ 34 ਫਰਨੀਚਰ ਮਾਰਕੀਟ ਐਸੋਸੀਏਸ਼ਨ ਤੋਂ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਯਾਦਵ ਨੂੰ ਮਿਲੇ।
ਵਫ਼ਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਲਾਕਾਰ ਦਲਜੀਤ ਦੁਸਾਂਝ ਅਤੇ ਏਪੀ ਢਿੱਲੋਂ ਦੇ ਕ੍ਰਮਵਾਰ 14 ਅਤੇ 21 ਦਸੰਬਰ ਨੂੰ ਹੋਣ ਵਾਲੇ ਸਮਾਗਮ ਸੈਕਟਰ 34 ਤੋਂ ਸੈਕਟਰ 25 ਦੇ ਰੈਲੀ ਮੈਦਾਨ ਵਿੱਚ ਤਬਦੀਲ ਕੀਤੇ ਜਾਣ ਤਾਂ ਜੋ ਚੰਡੀਗੜ੍ਹ ਵਾਸੀਆਂ ਨੂੰ ਅਸੁਵਿਧਾ ਅਤੇ ਮੁਸ਼ਕਲਾਂ ਤੋਂ ਬਚਿਆ ਜਾ ਸਕੇ।
ਅਰੁਣ ਸੂਦ ਨੇ ਕਿਹਾ ਕਿ ਸੈਕਟਰ-34 ਦੇ ਪ੍ਰਦਰਸ਼ਨੀ ਗਰਾਊਂਡ ਵਿਖੇ ਪੰਜਾਬੀ ਗਾਇਕ ਕਰਨ ਔਜਲਾ ਦੇ ਹਾਲ ਹੀ ਵਿੱਚ ਹੋਏ ਸੰਗੀਤਕ ਸ਼ੋਅ ਤੋਂ ਬਾਅਦ ਚੰਡੀਗੜ੍ਹ ਦੇ ਵਸਨੀਕਾਂ ਅਤੇ ਵਪਾਰੀ ਵਰਗ ਖਾਸ ਕਰਕੇ ਸੈਕਟਰ 34 ਅਤੇ ਆਸ-ਪਾਸ ਦੇ ਸੈਕਟਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨਾਲ ਚੰਡੀਗੜ੍ਹ ਦੇ ਵਸਨੀਕ ਅਤੇ ਵਪਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹਜ਼ਾਰਾਂ ਲੋਕਾਂ ਦੀ ਭੀੜ ਅਤੇ ਸੈਂਕੜੇ ਵਾਹਨਾਂ ਕਾਰਨ ਸ਼ਹਿਰ ਲਗਭਗ ਬੰਦ ਹੋ ਗਿਆ, ਅਤੇ ਨਾਗਰਿਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਸੂਦ ਨੇ ਕਿਹਾ ਕਿ ਅਸੀਂ ਸੰਗੀਤ ਸਮਾਰੋਹ ਦੇ ਵਿਰੁੱਧ ਨਹੀਂ ਹਾਂ , ਪਰ ਉਨ੍ਹਾਂ ਦੀ ਚਿੰਤਾ ਸਿਰਫ ਸਮਾਗਮ ਦੇ ਸਥਾਨ ਦੀ ਹੈ, ਅਤੇ ਉਹ ਖੁਦ ਪੰਜਾਬੀ ਕਲਾਕਾਰਾਂ ਅਤੇ ਸੰਗੀਤ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।
ਡਾ: ਬੇਦੀ, ਆਈਐਮਏ ਨੇ ਦੱਸਿਆ ਕਿ ਸੈਕਟਰ 34 ਦੇ ਆਸ-ਪਾਸ 4 ਨਿੱਜੀ ਹਸਪਤਾਲ, ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਹਨ ਅਤੇ ਅਜਿਹੇ ਵਿਸ਼ਾਲ ਸੰਗੀਤ ਸਮਾਰੋਹਾਂ ਕਾਰਨ ਸਾਰਾ ਆਲਾ-ਦੁਆਲਾ ਆਵਾਜਾਈ ਕਾਰਨ ਠੱਪ ਹੋ ਜਾਂਦਾ ਹੈ ਅਤੇ ਇਸ ਖੇਤਰ ਨੂੰ ਆਵਾਜ਼ ਪ੍ਰਦੂਸ਼ਣ ਦੇ ਪੱਧਰ ਤੋਂ ਵੱਧ ਸ਼ੋਰ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਹਸਪਤਾਲਾਂ ਅਤੇ ਪੀਜੀਆਈ ਵਿੱਚ ਆਉਣ ਵਾਲੀਆਂ ਐਂਬੂਲੈਂਸਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਿਤੇਸ਼ ਪੁਰੀ ਦੇ ਚੇਅਰਮੈਨ CRWAFED ਨੇ ਕਿਹਾ, “ਇਨ੍ਹਾਂ ਸੈਕਟਰਾਂ ਦੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੇ ਵਸਨੀਕਾਂ ਨੂੰ ਦਰਪੇਸ਼ ਬਹੁਤ ਸਾਰੀਆਂ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਹੈ। ਉਹ ਲਗਭਗ ਆਪਣੇ ਘਰਾਂ ਵਿੱਚ ਨਜ਼ਰਬੰਦ ਹੋ ਜਾਂਦੇ ਹਨ ਕਿਉਂਕਿ ਉਹ ਟ੍ਰੈਫਿਕ ਪਾਬੰਦੀਆਂ ਕਾਰਨ ਬਾਹਰ ਨਹੀਂ ਨਿਕਲ ਸਕਦੇ ਹਨ। ਪੁਰੀ ਨੇ ਇਤਰਾਜ਼ ਕੀਤਾ ਕੇ ਪ੍ਰੋਗਰਾਮ ਦੌਰਾਨ ਸ਼ਰਾਬ, ਸਿਗਰੇਟ ਆਦਿ ਦੀ ਵਰਤੋਂ ਔਰਤਾਂ ਲਈ ਪਰੇਸ਼ਾਨੀ ਬਣ ਜਾਂਦੀ ਹੈ।
ਚਰਨਜੀਵ ਸਿੰਘ ਚੰਡੀਗੜ੍ਹ ਵਪਾਰ ਮੰਡਲ ਅਤੇ ਸੈਕਟਰ 34 ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦੇ ਨੇ ਦੱਸਿਆ ਕਿ ਸੈਕਟਰ 34 ਦੇ 75% ਵਿੱਚ ਵਪਾਰਕ ਗਤੀਵਿਧੀਆਂ ਅਤੇ ਪ੍ਰਚੂਨ ਵਿਕਰੀ ਹੁੰਦੀ ਹੈ। ਇੱਕ ਦਿਨ ਸੜਕਾਂ ਦੇ ਬੰਦ ਹੋਣ ਕਾਰਨ ਹੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਅਜਿਹੇ ਪ੍ਰੋਗਰਾਮਾਂ ਤੋਂ ਬਾਅਦ ਆਲੇ-ਦੁਆਲੇ ਕੂੜਾ ਪਿਆ ਰਹਿੰਦਾ ਹੈ ਜਿਸ ਨੂੰ ਸਾਫ਼ ਕਰਨ ਲਈ ਕਈ ਦਿਨ ਲੱਗ ਜਾਂਦੇ ਹਨ।
ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਿ ਸੈਕਟਰ 34 ਦਾ ਮੈਦਾਨ ਇੱਕ ਪ੍ਰਦਰਸ਼ਨੀ ਮੈਦਾਨ ਹੈ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 14 ਅਤੇ 21 ਦਸੰਬਰ ਨੂੰ ਹੋਣ ਵਾਲੇ ਦੋ ਪ੍ਰੋਗਰਾਮਾਂ ਦੀ ਮਨਜ਼ੂਰੀ ਸਤੰਬਰ ਵਿੱਚ ਹੀ ਦਿੱਤੀ ਗਈ ਸੀ, ਪਰ ਫਿਰ ਵੀ ਉਹ ਸਥਾਨ ਬਦਲਣ ਲਈ ਵਫ਼ਦ ਵੱਲੋਂ ਦਿੱਤੀਆਂ ਜਾਇਜ਼ ਦਲੀਲਾਂ ਅਤੇ ਤਰਕ ਦੀ ਰੌਸ਼ਨੀ ਵਿੱਚ ਪ੍ਰਸ਼ਾਸਕ ਨਾਲ ਗੱਲ ਕਰਨਗੇ। ਪਰ ਉਨ੍ਹਾਂ ਨੇ ਸਿਧਾਂਤਕ ਤੌਰ ‘ਤੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਭਵਿੱਖ ਵਿੱਚ ਅਜਿਹੇ ਵੱਡੇ ਇਕੱਠਾਂ ਦੀ ਇਜਾਜ਼ਤ ਸੈਕਟਰ 25 ਦੀ ਗਰਾਊਂਡ ਵਿੱਚ ਹੀ ਦਿੱਤੀ ਜਾਵੇਗੀ ਅਤੇ ਪ੍ਰਦਰਸ਼ਨੀ ਗਰਾਊਂਡ ਸੈਕਟਰ 34 ਵਿੱਚ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅੱਗੋਂ ਪਟਾਕੇ, ਸ਼ਰਾਬ ਤੇ ਸਿਗਰਟ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।