ਚੰਡੀਗੜ੍ਹ, 11 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਬੀਤੇ ਸ਼ੁਕਰਵਾਰ ਅਸਤੀਫ਼ਾ ਮਨਜੂਰ ਹੋ ਗਿਆ ਹੈ। ਹੁਣ 30 ਸਾਲ ਬਾਅਦ ਮੌਕਾ ਆ ਰਿਹਾ ਹੈ ਕਿ ਬਾਦਲ ਪਰਿਵਾਰ ਦੇ ਬਜਾਏ ਕੋਈ ਦੂਜਾ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਗਠਨ 14 ਦਸੰਬਰ 1920 ਨੂੰ ਹੋਇਆ ਸੀ।
ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਡੜ ਦੀ ਅਧਿਆਖਤਾ ਹੇਠ ਹੋਈ, ਜੋ ਸ਼ਾਮ 6 ਵਜੇ ਤੱਕ ਚੱਲੀ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲ ਤਖਤ ਸਾਹਿਬ ਤੋਂ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਪੂਰਾ ਕਰਦੇ ਹੋਏ, ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਇਸ ਨਾਲ ਹੀ ਨਵੀਂ ਕਮੇਟੀ ਦੇ ਗਠਨ ਅਤੇ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਨੂੰ ਕਰਾਉਣ ਦਾ ਫੈਸਲਾ ਕੀਤਾ ਗਿਆ।
ਰਾਣਿਕੇ ਮੁੱਖ ਚੋਣ ਅਧਿਕਾਰੀ ਨਿਯੁਕਤ
ਡਾ. ਚੀਮਾ ਨੇ ਕਿਹਾ ਕਿ ਨਵੀਂ ਸੰਗਠਨਾਤਮਕ ਗਠਨਾ ਲਈ 20 ਜਨਵਰੀ ਤੋਂ 20 ਫਰਵਰੀ ਤੱਕ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ। 25 ਲੱਖ ਨਵੇਂ ਮੈਂਬਰ ਬਣਾਏ ਜਾਣਗੇ। ਚੀਮਾ ਨੇ ਦੱਸਿਆ ਕਿ ਪਾਰਟੀ ਦੇ ਟਕਸਾਲੀ ਆਗੂ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਾਣਿਕੇ ਨੂੰ 1 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਲਈ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਕਾਰਜਕਾਰੀ ਪ੍ਰਧਾਨ ਭੂੰਡੜ ਨੇ ਡਾ. ਦਲਜੀਤ ਸਿੰਘ ਚੀਮਾ ਨੂੰ ਚੋਣ ਪ੍ਰਕਿਰਿਆ ਦੇ ਕੋਆਰਡੀਨੇਸ਼ਨ ਲਈ ਸੈਕਰਟਰੀ ਨਿਯੁਕਤ ਕੀਤਾ ਹੈ।