ਜਲੰਧਰ (ਪੰਜਾਬ), 13 ਜਨਵਰੀ:
ਜਲੰਧਰ ਦੇ ਆਦਮਪੁਰ ਖੇਤਰ ‘ਚ ਚੀਨੀ ਮਾਂਝੇ ਨਾਲ ਹੋਏ ਹਾਦਸੇ ਵਿੱਚ 45 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਦੋ ਦਿਨ ਪਹਿਲਾਂ ਦੀ ਹੈ, ਜਦੋਂ ਹਰਪ੍ਰੀਤ ਸਿੰਘ ਆਪਣੀ ਮੋਟਰਸਾਈਕਲ ‘ਤੇ ਘਰ ਵਾਪਸ ਆ ਰਿਹਾ ਸੀ ਅਤੇ ਰਸਤੇ ਵਿੱਚ ਮਾਂਝੇ ਦੀ ਚਪੇਟ ਵਿੱਚ ਆ ਗਿਆ, ਜਿਸ ਨਾਲ ਉਸਦੇ ਗਲੇ ‘ਤੇ ਗਹਿਰਾ ਜਖਮ ਹੋ ਗਿਆ।
ਗੰਭੀਰ ਹਾਲਤ ਵਿੱਚ ਹਰਪ੍ਰੀਤ ਨੂੰ ਪਹਿਲਾਂ ਆਦਮਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਸਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਲੋਹੜੀ ਦੇ ਦਿਨ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਹਰਪ੍ਰੀਤ ਆਪਣੀ ਮੋਟਰਸਾਈਕਲ ‘ਤੇ ਆਦਮਪੁਰ ਤੋਂ ਆਪਣੇ ਪਿੰਡ ਸਰੋਬਾਦ ਵਾਪਸ ਜਾ ਰਿਹਾ ਸੀ, ਜਦੋਂ ਮਾਂਝਾ ਉਸਦੇ ਗਲੇ ਵਿੱਚ ਲਪਟ ਗਿਆ। ਇਸ ਨਾਲ ਉਸਦਾ ਗਲਾ ਗੰਭੀਰ ਤੌਰ ‘ਤੇ ਕੱਟ ਗਿਆ ਅਤੇ ਉਹ ਸੜਕ ‘ਤੇ ਬੇਹੋਸ਼ ਹੋ ਕੇ ਡਿੱਗ ਪਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਜਾਨ ਬਚਾਈ ਨਾ ਜਾ ਸਕੀ।