ਨਵੀ ਦਿੱਲੀ, 9 ਮਈ
ਰਾਜਸਥਾਨ ਰੌਇਲਜ਼ ਦੇ ਕਪਤਾਨ ਸੰਜੂ ਸੈਮਸਨ ’ਤੇ ਇੱਥੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਤੋਂ 20 ਦੌੜਾਂ ਨਾਲ ਮਿਲੀ ਹਾਰ ਦੌਰਾਨ ਆਈਪੀਐੱਲ ਨਿਯਮਾਂ ਦੀ ਉਲੰਘਣਾ ਲਈ ਮੈਚ ਫੀਸ ਦਾ 30 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਸੈਮਸਨ ਦੀ ਗਲਤੀ ਨਹੀਂ ਦੱਸੀ ਗਈ ਪਰ ਇਹ ਦਿੱਲੀ ਦੀਆਂ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 86 ਦੌੜਾਂ ਦੀ ਪਾਰੀ ਦੌਰਾਨ ਅੰਪਾਇਰਾਂ ਨਾਲ ਬਹਿਸ ਕਰਨ ਲਈ ਹੋ ਸਕਦਾ ਹੈ। ਜਦੋਂ ਸ਼ਾਈ ਹੋਪ ਨੇ 16ਵੇਂ ਓਵਰ ਵਿੱਚ ਬਾਊਂਡਰੀ ’ਤੇ ਕੈਚ ਕੀਤਾ ਤਾਂ ਸੈਮਸਨ ਨੂੰ ਆਊਟ ਕਰ ਦਿੱਤਾ ਗਿਆ ਤਾਂ ਉਸ ਨੇ ਅੰਪਾਇਰਾਂ ਨਾਲ ਬਹਿਸ ਕੀਤੀ। ਸਵਾਲ ਇਹ ਸੀ ਕਿ ਕੀ ਗੇਂਦ ਫੜਦੇ ਸਮੇਂ ਹੋਪ ਦਾ ਪੈਰ ਸੀਮਾ ਰੇਖਾ ਨੂੰ ਛੂਹ ਗਿਆ ਸੀ। ਤੀਜੇ ਅੰਪਾਇਰ ਨੇ ਸੈਮਸਨ ਨੂੰ ਆਊਟ ਕਰ ਦਿੱਤਾ ਪਰ ਰੌਇਲਜ਼ ਦਾ ਕਪਤਾਨ ਖੁਸ਼ ਨਹੀਂ ਸੀ। ਉਹ ਪਹਿਲਾਂ ਪੈਵੇਲੀਅਨ ਵੱਲ ਤੁਰ ਫਿਰ ਪਰ ਫਿਰ ਵਾਪਸ ਆ ਕੇ ਮੈਦਾਨੀ ਅੰਪਾਇਰਾਂ ਨਾਲ ਕੁੱਝ ਗੱਲਬਾਤ ਕੀਤੀ। ਆਈਪੀਐੱਲ ਨੇ ਇੱਕ ਬਿਆਨ ਵਿੱਚ ਕਿਹਾ, ‘‘ਸੈਮਸਨ ਨੇ ਆਈਪੀਐੱਲ ਨਿਯਮ 2.8 ਤਹਿਤ ਲੈਵਲ ਇੱਕ ਦਾ ਅਪਰਾਧ ਕੀਤਾ ਹੈ। ਉਸ ਨੇ ਅਪਰਾਧ ਅਤੇ ਮੈਚ ਰੈਫ਼ਰੀ ਦੀ ਸਜ਼ਾ ਸਵੀਕਾਰ ਕਰ ਲਈ ਹੈ।’’ ਜੈਪੁਰ ਵਿੱਚ 10 ਅਪਰੈਲ ਨੂੰ ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਦੌਰਾਨ ਰੌਇਲਜ਼ ਵੱਲੋਂ ਮੱਠੀ ਓਵਰ ਰਫ਼ਤਾਰ ਲਈ ਵੀ ਸੈਮਸਨ ’ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।