ਪੰਜਾਬੀ ਯੂਨੀਵਰਸਿਟੀ ਨੂੰ ਪੀ.ਐਮ. ਊਸ਼ਾ ਅਭਿਆਨ ਹੇਠ 20 ਕਰੋੜ ਰੁਪਏ ਦੀ ਗਰਾਂਟ, ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ
ਪਟਿਆਲਾ 20 ਫਰਵਰੀ 2024- ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਯੂਨੀਵਰਸਿਟੀ ਨੇ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪ੍ਰਧਾਨ ਮੰਤਰੀ ਉਚਤਰ ਸਿੱਖਿਆ ਅਭਿਆਨ (ਪੀ.ਐਮ. ਊਸ਼ਾ) ਹੇਠ 20 ਕਰੋੜ ਰੁਪਏ ਦੀ ਗਰਾਂਟ ਹਾਸਲ ਕਰ ਲਈ ਹੈ। ਇਸ ਗ੍ਰਾਂਟ ਲਈ ਪੰਜਾਬ ਦੀਆਂ ਪੰਜ ਯੂਨੀਵਰਸਿਟੀਆਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ ਕੇਵਲ ਪੰਜਾਬੀ ਯੂਨੀਵਰਸਿਟੀ ਹੀ ਗ੍ਰਾਂਟ ਪ੍ਰਾਪਤ ਕਰ ਸਕੀ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਯੂਨੀਵਰਸਿਟੀ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਕਰਕੇ ਹੋ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਹੋਰ ਵੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੀ.ਐਮ. ਊਸ਼ਾ ਦੇ ਸਾਰੇ ਮਾਪਦੰਡ ਕੇਵਲ ਸਾਡੀ ਯੂਨੀਵਰਸਿਟੀ ਨੇ ਹੀ ਪੂਰੇ ਕੀਤੇ ਹਨ। ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਗੱਲ ਨੇ ਉਨ੍ਹਾਂ ਦੀ ਜ਼ਿੰਮੇਂਵਾਰੀ ਹੋਰ ਵਧਾ ਦਿੱਤੀ ਹੈ ਅਤੇ ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਪਣਾ ਰੁਤਬਾ ਕਾਇਮ ਕਰਨ ਲਈ ਹੋਰ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਨਾਲ ਨਾਲ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਪੰਜਾਬੀਆਂ ਦੀ ਤਰਜਮਾਨੀ ਕਰਦੀ ਹੈ। ਇਸ ਕਰਕੇ ਇਸ ਦੇ ਰੁਤਬੇ ਨੂੰ ਹੋਰ ਉਚਾਈਆਂ ’ਤੇ ਲਿਜਾਣਾ ਉਨ੍ਹਾਂ ਦੀ ਮੁੱਢਲੀ ਜ਼ਿੰਮੇਂਵਾਰੀ ਹੈ।
ਪੀ.ਐਮ. ਊਸ਼ਾ ਦੇ ਹੇਠ ਪੰਜਾਬੀ ਯੂਨੀਵਰਸਿਟੀ ਨੂੰ ਇਹ ਗ੍ਰਾਂਟ ਤਿੰਨ ਸਾਲ ਲਈ ਮਿਲੀ ਹੈ। ਇਹ ਗ੍ਰਾਂਟ ਯੂ.ਜੀ.ਸੀ. ਐਕਟ ਹੇਠ ਸਿੱਖਿਆ ਸੰਸਥਾਵਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਇਹ ਫੰਡ ਪ੍ਰਾਪਤ ਕਰਨ ਲਈ ਸਿੱਖਿਆ ਸੰਸਥਾ ਕੋਲ ਨੈਸ਼ਨਲ ਅਸਿਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਦਾ ਚੰਗਾ ਸਕੋਰ ਹੋਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਨੂੰ ਅਕਤੂਬਰ, 2024 ਮਹੀਨੇ ਨੈਕ ਵੱਲੋਂ ‘ਏ’ ਪਲਸ ਦਾ ਸਰਟੀਫਿਕੇਟ ਮਿਲਿਆ ਸੀ ਜਿਸ ਕਰ ਕੇ ਯੂਨੀਵਰਸਿਟੀ ਇਹ ਗਰਾਂਟ ਲੈਣ ਲਈ ਸਫ਼ਲ ਹੋਈ ਹੈ। ਨੈਕ ਕਾਲਜਾਂ, ਯੂਨੀਵਰਸਿਟੀਆਂ ਜਾਂ ਹੋਰ ਮਾਨਤਾ ਪ੍ਰਾਪਤ ਉੱਚ ਵਿਦਿਅਕ ਸੰਸਥਾਵਾਂ ਵਿੱਚ ਸਿੱਖਿਆ ਦੀ ‘ਗੁਣਵੱਤਾ ਦੀ ਸਥਿਤੀ’ ਦਾ ਮੁਲਾਂਕਣ ਕਰਨ ਤੋਂ ਇਲਾਵਾ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਬਿਹਤਰ ਬਣਾਉਣ ਵਾਲੇ ਅਕਾਦਮਿਕ ਪ੍ਰੋਗਰਾਮਾਂ ਦੇ ਨਤੀਜਿਆਂ ਦਾ ਵੀ ਮੁਲਾਂਕਣ ਕਰਦੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਨੈਕ ਦਾ ਏ ਪਲੱਸ ਗਰੇਡ ਆਉਣ ਕਰਕੇ, ਯੂਨੀਵਰਸਿਟੀ ਬਹੁਤ ਸਾਰੇ ਕੇਂਦਰੀ ਫ਼ੰਡਾਂ ਅਤੇ ਸਕਾਲਰਸ਼ਿਪ ਪ੍ਰੋਗਰਾਮਾਂ ਲਈ ਵੀ ਸਹੂਲਤ ਲੈਣ ਲਈ ਯੋਗ ਬਣੀ ਹੈ।ਜਿ਼ਕਰਯੋਗ ਹੈ ਕਿ ਏ ਪਲੱਸ ਯੂਨੀਵਰਸਿਟੀਆਂ ਨੂੰ ਪੀ. ਐੱਮ. ਊਸ਼ਾ ਸਕੀਮ ਵਿੱਚ 100 ਵਿੱਚੋਂ 100 ਅੰਕ ਮਿਲਦੇ ਹਨ।
ਪੀ.ਐਮ. ਊਸ਼ਾ ਸਕੀਮ ਦੇਸ਼ ਭਰ ਵਿੱਚ ਉੱਚ ਸਿੱਖਿਆ ਦੀ ਗੁਣਵੱਤਾ ਅਤੇ ਵਿਦਿਆਰਥੀਆਂ ਤੱਕ ਸਿੱਖਿਆ ਪਹੁੰਚਣ ਵਿੱਚ ਵਾਧਾ ਕਰਨ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਅਧੀਨ ਇੱਕ ਕੇਂਦਰੀ ਸਪਾਂਸਰਡ ਸਕੀਮ ਹੈ। ਯੋਜਨਾ ਦਾ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉੱਚ ਸਿੱਖਿਆ ਦੇ ਪਾਠਕ੍ਰਮ, ਅਧਿਆਪਕਾਂ ਦੀ ਸਿਖਲਾਈ, ਬੁਨਿਆਦੀ ਢਾਂਚਾ, ਐਕਰੀਡੇਸ਼ਨ ਅਤੇ ਰੋਜ਼ਗਾਰ ਯੋਗਤਾ ਵਿੱਚ ਸੁਧਾਰ ਕਰਨਾ ਹੈ। ਇਸ ਦੇ ਰਾਹੀਂ ਉੱਚ ਸਿੱਖਿਆ ਪ੍ਰਣਾਲੀ ਦੇ ਵਿਕਾਸ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇਹ ਦਾ ਉਦੇਸ਼ ਬੁਨਿਆਦੀ ਢਾਂਚੇ ਨੂੰ ਵਧਾਉਣਾ, ਰਵਾਇਤੀ ਸਿੰਗਲ-ਸਟਰੀਮ ਉੱਚ ਸਿੱਖਿਆ ਸੰਸਥਾਵਾਂ ਨੂੰ ਬਹੁ-ਅਨੁਸ਼ਾਸਨੀ ਅਦਾਰਿਆਂ ਵਿੱਚ ਬਦਲਣ ’ਤੇ ਕੇਂਦਰਿਤ ਹੈ।
ਪੀਐਮ-ਊਸ਼ਾ ਸਕੀਮ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਇਸ ਸਕੀਮ ਤਹਿਤ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾਵੇਗਾ। ਇਸ ਅਨੁਸਾਰ ਯੂਨੀਵਰਸਿਟੀ ਦੇ ਨਵੇਂ ਕੋਰਸਾਂ ਲਈ ਕਲਾਸ ਰੂਮ, ਇਮਾਰਤਾਂ ਦੀ ਮੁਰੰਮਤ ਅਤੇ ਐਕਸਟੈਂਨਸ਼ਨ, ਸੀਵਰੇਜ਼ ਪਲਾਂਟ, ਬਹੁਮੰਜ਼ਿਲਾਂ ਇਮਾਰਤਾਂ ਦੀਆਂ ਲਿਫ਼ਟਾਂ ਅਤੇ ਹੋਰ ਕੰਮ ਕਰਵਾਏ ਜਾਣਗੇ। ਇਸ ਗਰਾਂਟ ਨਾਲ ਯੂਨੀਵਰਸਿਟੀ ਵਿਖੇ ਸਥਿਤ ਖਗੋਲੀ ਅਬਜ਼ਰਵੈਟਰੀ ਨੂੰ ਮੁੜ ਚਾਲੂ ਕੀਤਾ ਜਾਵੇਗਾ। ਇਸ ਨਾਲ ਨਵੀਆਂ ਡਿਜੀਟਲ ਲੈਬਾਰਟਰੀਆਂ ਤੇ ਨੈਟਵਰਕ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸਾਇੰਸ ਵਿਭਾਗਾਂ ਵਿੱਚ ਨਵੇਂ ਕੋਰਸਾਂ ਲਈ ਲੈਬਾਰਟਰੀ ਯੰਤਰ ਖਰੀਦੇ ਜਾਣਗੇ। ਇਸ ਗਰਾਂਟ ਨਾਲ ਉੱਦਮਤਾ (ਇੰਟਰਪ੍ਰੀਨੀਓਰਸ਼ਿਪ) ਅਤੇ ਕਿੱਤਾ ਮੁਖੀ ਕੋਰਸਾਂ ਲਈ ਟੇਰਨਿੰਗ ਸ਼ੁਰੂ ਕਰਨ ਲਈ ਵੀ ਮਦਦ ਮਿਲੇਗੀ।