ਗੁਰਦਾਸਪੁਰ/ਚੰਡੀਗੜ੍ਹ, 3 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਦੀਪ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਕਲਾਨੌਰ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਇੱਥੇ ਕਲਾਨੌਰ ਦੇ ਪ੍ਰਸਿੱਧ ਸ਼ਿਵ ਮੰਦਰ ਦੇ ਵੀ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਡੇਰਾ ਬਾਬਾ ਨਾਨਕ ਵਿੱਚ ਸਿਰਫ਼ ਝਾੜੂ ਚੱਲੇਗਾ। ਸਾਰੀਆਂ ਸਰਵੇਖਣ ਰਿਪੋਰਟਾਂ ਵੀ ਸਾਡੀ ਜਿੱਤ ਦਰਜ ਕਰਵਾ ਰਹੀਆਂ ਹਨ। ਇਸ ਵਾਰ ਲੋਕਾਂ ਨੇ ਇੱਥੋਂ ਕਾਂਗਰਸ ਨੂੰ ਹਰਾਉਣ ਦਾ ਪੂਰਾ ਮਨ ਬਣਾ ਲਿਆ ਹੈ। ਕਾਂਗਰਸੀ ਲੋਕਾਂ ਨੇ ਕੋਈ ਕੰਮ ਨਹੀਂ ਕੀਤਾ, ਉਨ੍ਹਾਂ ਨੇ ਸਿਰਫ਼ ਇੱਥੋਂ ਦੇ ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਵਾਏ ਹਨ।
ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਇੱਥੋਂ ਦੇ ਸਾਬਕਾ ਵਿਧਾਇਕ ਸੁਖਜਿੰਦਰ ਰੰਧਾਵਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਦੇ ਸਾਰੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰਨਗੇ। ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ ਹੈ। ਸੱਤਾ ‘ਚ ਰਹਿੰਦਿਆਂ ਉਨ੍ਹਾਂ ਨੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੱਕ ਅਰਬਾਂ ਦੀ ਦੌਲਤ ਬਣਾਈ ਹੈ। ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਹਨ।
ਪ੍ਰਤਾਪ ਬਾਜਵਾ ‘ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਨਿਰਮਾਣ ਮੰਤਰੀ ਹੁੰਦਿਆਂ ਪੰਜਾਬ ‘ਚ ਸਭ ਤੋਂ ਵੱਧ ਟੋਲ ਪਲਾਜ਼ੇ ਲਗਾਏ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ 16 ਟੋਲ ਪਲਾਜ਼ੇ ਬੰਦ ਕਰ ਦਿੱਤੇ, ਜਿਸ ਕਾਰਨ ਲੋਕਾਂ ਦੀ ਰੋਜ਼ਾਨਾ 62 ਲੱਖ ਰੁਪਏ ਤੋਂ ਵੱਧ ਦੀ ਬੱਚਤ ਹੋ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ 75 ਸਾਲਾਂ ਦੀ ਗੁੰਝਲਦਾਰ ਪ੍ਰਣਾਲੀ ਵਿਰਾਸਤ ਵਿੱਚ ਮਿਲੀ ਹੈ। ਇਸ ਨੂੰ ਠੀਕ ਕਰਨ ‘ਚ ਕੁਝ ਸਮਾਂ ਲੱਗੇਗਾ, ਪਰ ਢਾਈ ਸਾਲਾਂ ‘ਚ ਅਸੀਂ ਕਾਫੀ ਕੰਮ ਕੀਤੇ ਹਨ, ਜਿਸ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ ਅਤੇ ਹੁਣ ਸਾਡਾ ਕੰਮ ਬੋਲ ਰਿਹਾ ਹੈ। ਅੱਜ 90 ਫ਼ੀਸਦੀ ਤੋਂ ਵੱਧ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਵਿਰੋਧੀ ਸਾਨੂੰ ਪੁੱਛਦੇ ਸਨ ਕਿ ਤੁਸੀਂ ਐਨਾ ਪੈਸਾ ਕਿੱਥੋਂ ਲਿਆਉਂਗੇ, ਪਰ ਅਸੀਂ ਅਜਿਹਾ ਕਰ ਦਿਖਾਇਆ, ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਤੇ ਜੇਕਰ ਸਾਡੀ ਨੀਅਤ ਸਾਫ਼ ਹੈ ਤਾਂ ਸਾਰੇ ਕੰਮ ਹੋ ਜਾਂਦੇ ਹਨ।
ਢਾਈ ਸਾਲਾਂ ਵਿੱਚ ਅਸੀਂ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਅਤੇ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ। ਪਿਛਲੀਆਂ ਸਰਕਾਰਾਂ ਵਿੱਚ ਰਿਸ਼ਵਤ ਤੋਂ ਬਿਨਾਂ ਸਰਕਾਰੀ ਨੌਕਰੀ ਮਿਲਣੀ ਬਿਲਕੁਲ ਵੀ ਸੰਭਵ ਨਹੀਂ ਸੀ। ਹਾਲ ਹੀ ਵਿੱਚ ਇੱਕ ਇਤਿਹਾਸਕ ਫ਼ੈਸਲਾ ਲਾਗੂ ਕੀਤਾ ਗਿਆ ਹੈ। ਇਸ ਫ਼ੈਸਲੇ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਡੀ ਸਰਕਾਰ ਨੇ ਰਜਿਸਟਰੀਆਂ ਲਈ ਐਨ.ਓ.ਸੀ. ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ‘ਇੱਕ ਵਿਧਾਇਕ ਇੱਕ ਪੈਨਸ਼ਨ’ ਲਾਗੂ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੇ ਖ਼ਜ਼ਾਨੇ ਵਿੱਚ ਹਰ ਮਹੀਨੇ ਕਰੋੜਾਂ ਰੁਪਏ ਦੀ ਬੱਚਤ ਹੋ ਰਹੀ ਹੈ। ਇਸ ਤੋਂ ਪਹਿੱਲਾਂ ਕਈ ਸਾਬਕਾ ਵਿਧਾਇਕ ਸੱਤ-ਅੱਠ ਪੈਨਸ਼ਨ ਲੈ ਰਹੇ ਸਨ। ਹੁਣ ਉਹ ਸਿਰਫ਼ ਇੱਕ ਹੀ ਪੈਨਸ਼ਨ ਲੈ ਰਹੇ ਹਨ।
ਭਗਵੰਤ ਮਾਨ ਨੇ ਅਕਾਲੀ ਦਲ ਬਾਦਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਸਾਡੇ ਬਿਨਾਂ ਪੰਜਾਬ ‘ਚ ਇੱਕ ਪੱਤਾ ਵੀ ਨਹੀਂ ਹਿਲ ਸਕਦਾ, ਅੱਜ ਉਹ ਚੋਣਾਂ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੂੰ ਜ਼ਿਮਨੀ ਚੋਣ ਲਈ ਚਾਰ ਉਮੀਦਵਾਰ ਵੀ ਨਹੀਂ ਮਿਲ ਸਕੇ।
ਲੋਕਾਂ ਦੇ ਸਹਿਯੋਗ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਇਸ ਵਾਰ ਇਨ੍ਹਾਂ ਲੁਟੇਰਿਆਂ ਤੋਂ ਖਹਿੜਾ ਛੁਡਾ ਕੇ ਕਿਸੇ ਚੰਗੇ ਵਿਅਕਤੀ ਨੂੰ ਆਪਣਾ ਨੁਮਾਇੰਦਾ ਚੁਣਨ। ਉਨ੍ਹਾਂ ਨੇ ਕਿਹਾ ਕਿ ਆਪ ਦੇ ਉਮੀਦਵਾਰ ਗੁਰਦੀਪ ਰੰਧਾਵਾ ਇੱਕ ਇਮਾਨਦਾਰ ਵਿਅਕਤੀ ਹਨ। ਇੱਥੋਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ। ਤੁਸੀਂ ਗੁਰਦੀਪ ਰੰਧਾਵਾ ਨੂੰ ਭਾਰੀ ਵੋਟਾਂ ਨਾਲ ਜਿਤਾਓ, ਮੈਂ ਵਾਅਦਾ ਕਰਦਾ ਹਾਂ ਕਿ ਜੋ ਵੀ ਕੰਮ ਉਹ ਮੈਨੂੰ ਸੌਂਪਣਗੇ, ਮੈਂ ਬਿਨਾਂ ਕਿਸੇ ਦੇਰੀ ਦੇ ਪੂਰਾ ਕਰਾਂਗਾ।
ਰੰਧਾਵਾ ਪਰਿਵਾਰ ਨੇ ਸਿਰਫ਼ ਗੁੰਡਾਗਰਦੀ ਹੀ ਕੀ ਹੈ, ਲੋਕ ਇਸ ਵਾਰ ਜ਼ਰੂਰ ਸਬਕ ਸਿਖਾਉਣਗੇ – ਗੁਰਦੀਪ ਰੰਧਾਵਾ
ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿੱਚ ਕਾਂਗਰਸੀਆਂ ਅਤੇ ਖ਼ਾਸ ਕਰਕੇ ਸੁਖਜਿੰਦਰ ਰੰਧਾਵਾ ਨੇ ਸਿਰਫ਼ ਗੁੰਡਾਗਰਦੀ ਹੀ ਕੀਤੀ ਹੈ। ਇਸ ਵਾਰ ਡੇਰਾ ਬਾਬਾ ਨਾਨਕ ਦੇ ਲੋਕ ਉਨ੍ਹਾਂ ਨੂੰ ਜ਼ਰੂਰ ਸਬਕ ਸਿਖਾਉਣਗੇ। ਕਾਂਗਰਸੀ ਉਮੀਦਵਾਰ ਅਤੇ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਖ਼ੁਦ ਸਰਪੰਚ ਚੋਣਾਂ ਵਿੱਚ ਬਰੀਫ਼ਕੇਸ ਲੈ ਕੇ ਘੁੰਮਦੀ ਸੀ ਅਤੇ ਪੈਸੇ ਦੇ ਬਲਬੂਤੇ ਕਈ ਸਰਪੰਚ ਬਣਾਏ ਸਨ. ਪਰੰਤੂ ਇਸ ਵਾਰ ਲੋਕ ਉਨ੍ਹਾਂ ਨੂੰ ਜ਼ਰੂਰ ਸਬਕ ਸਿਖਾਉਣਗੇ।