ਰਾਜਸਥਾਨ ਦੇ ਸੀਕਰ ਦੇ ਨਾਲ ਲੱਗਦੇ ਨੀਮਕਾਥਾਣਾ ਜ਼ਿਲ੍ਹੇ ਦੇ ਡਾਬਲਾ ਥਾਣਾ ਖੇਤਰ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਜਿਲੋ ਪਿੰਡ ਵਿਚ ਸਿਰਫ਼ 20 ਦਿਨਾਂ ਦੇ ਇੱਕ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ। ਬਾਅਦ ਵਿਚ ਉਸ ਦੀ ਲਾਸ਼ ਪਾਣੀ ਦੀ ਟੈਂਕੀ ਵਿਚ ਸੁੱਟ ਦਿੱਤੀ ਗਈ।
ਮਾਸੂਮ ਰਾਤ ਨੂੰ ਆਪਣੀ ਦਾਦੀ ਅਤੇ ਮਾਂ ਕੋਲ ਸੌਂ ਰਿਹਾ ਸੀ। ਪਰ ਅਗਲੀ ਸਵੇਰ ਉਸ ਦੀ ਲਾਸ਼ ਘਰ ਵਿੱਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਤੈਰਦੀ ਹੋਈ ਮਿਲੀ। ਜਿਸ ਨੇ ਵੀ ਇਸ ਘਟਨਾ ਨੂੰ ਦੇਖਿਆ ਅਤੇ ਸੁਣਿਆ, ਉਹ ਹੈਰਾਨ ਰਹਿ ਗਿਆ।
ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਰਾਤ ਜਿਲੋ ਪਿੰਡ ਦੀ ਹੈ। ਉੱਥੇ ਹੀ ਕਤਲ ਹੋਇਆ 20 ਦਿਨਾਂ ਦਾ ਨਵਜੰਮਿਆ ਬੱਚਾ ਆਪਣੀ ਦਾਦੀ ਅਤੇ ਮਾਂ ਨਾਲ ਘਰ ‘ਚ ਸੁੱਤਾ ਪਿਆ ਸੀ। ਅਚਾਨਕ ਰਾਤ ਕਰੀਬ 1 ਵਜੇ ਬੱਚੇ ਦੀ ਦਾਦੀ ਜਾਗ ਗਈ। ਉਸ ਨੇ ਆਪਣੇ ਪੋਤੇ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮਿਲਿਆ। ਉਸ ਨੇ ਬੱਚੀ ਦੀ ਮਾਂ ਨੂੰ ਦੱਸਿਆ। ਬੱਚੇ ਦੇ ਲਾਪਤਾ ਹੋਣ ਦੀ ਖ਼ਬਰ ਸੁਣ ਕੇ ਪਰਿਵਾਰ ਦੇ ਹੋਰ ਮੈਂਬਰ ਵੀ ਜਾਗ ਪਏ। ਸਾਰਿਆਂ ਨੇ ਬੱਚੇ ਦੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਵਿਆਹ ਦੇ ਅੱਠ ਸਾਲ ਬਾਅਦ ਹੋਇਆ ਸੀ ਬੱਚਾ
ਜਿਸ ਤੋਂ ਬਾਅਦ ਸਵੇਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਦੋਂ ਪਰਿਵਾਰਕ ਮੈਂਬਰ ਬੱਚੇ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਘਰ ਵਿੱਚ ਬਣੀ ਟੈਂਕੀ ਉਤੇ ਪਈ। ਜਦੋਂ ਉਨ੍ਹਾਂ ਨੇ ਇਸ ਨੂੰ ਖੋਲ੍ਹਿਆ ਤਾਂ ਦੇਖਿਆ ਕਿ ਉਸ ਵਿਚ ਮਾਸੂਮ ਬੱਚੇ ਦੀ ਲਾਸ਼ ਤੈਰ ਰਹੀ ਸੀ। ਇਹ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਸੂਚਨਾ ਤੋਂ ਬਾਅਦ ਡਾਬਲਾ ਥਾਣੇ ਦੇ ਅਧਿਕਾਰੀ ਰਾਜਵੀਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਉਤੇ ਪੁੱਜੇ। ਪੁਲਿਸ ਨੇ ਦੱਸਿਆ ਕਿ ਲਾਸ਼ ਟੈਂਕੀ ਵਿੱਚ ਪਈ ਸੀ। ਕਤਲ ਹੋਏ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਇਹ ਬੱਚਾ ਵਿਆਹ ਦੇ ਅੱਠ ਸਾਲ ਬਾਅਦ ਮਿਲਿਆ ਸੀ।
ਡਾਗ ਸਕੁਐਡ ਅਤੇ ਐਫਐਸਐਲ ਟੀਮ ਨੇ ਸਬੂਤ ਇਕੱਠੇ ਕੀਤੇ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਗ ਸਕੁਐਡ ਅਤੇ ਐਫਐਸਐਲ ਟੀਮ ਨੂੰ ਬੁਲਾਇਆ ਗਿਆ। ਦੋਵਾਂ ਟੀਮਾਂ ਨੇ ਘਟਨਾ ਵਾਲੀ ਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਮਾਸੂਮ ਬੱਚੇ ਨੂੰ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਪਿੰਡ ਵਿੱਚ ਸੜਕ ਜਾਮ ਕਰ ਦਿੱਤੀ। ਪਿੰਡ ਵਾਸੀਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਦਾ ਪਤਾ ਲਗਾ ਕੇ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਬਾਅਦ ਵਿੱਚ ਪੁਲਿਸ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਫਿਲਹਾਲ ਕਾਤਲ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ।