ਚੰਡੀਗੜ੍ਹ, 7 ਦਸੰਬਰ:
ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸ਼ੁੱਕਰਵਾਰ ਨੂੰ “ਨਸ਼ਾ ਮੁਕਤ ਰੰਗਲਾ ਪੰਜਾਬ” ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗ੍ਰਾਮ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ ਆਯੋਜਿਤ ਕੀਤਾ ਗਿਆ। ਇਸ ਮੁਹਿੰਮ ਅੰਦਰ, ਸਮਾਜਿਕ ਨਿਆਂ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਰਾਸ਼ਟਰੀ ਪਹਿਲ “ਨਸ਼ਾ ਮੁਕਤ ਭਾਰਤ ਅਭਿਆਨ” ਨੂੰ ਵੀ ਵਧਾਵਾ ਦਿੱਤਾ ਜਾ ਰਿਹਾ ਹੈ।
ਇਸ ਮੁਹਿੰਮ ਦਾ ਮੁੱਖ ਆਕਰਸ਼ਣ “ਪੀਪਲਜ਼ ਵਾਕ ਅਗੈਂਸਟ ਡਰਗਜ਼” ਹੈ, ਜੋ ਰੈੱਡ ਕ੍ਰਾਸ ਸੋਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਜਿਕ ਕਾਰਕੁਨ ਅਤੇ ਲੇਖਕ ਖੁਸ਼ਵੰਤ ਸਿੰਘ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ। 7 ਦਸੰਬਰ ਤੋਂ 11 ਦਸੰਬਰ ਤੱਕ ਚੱਲਣ ਵਾਲੇ ਇਸ ਪ੍ਰੋਗ੍ਰਾਮ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕ ਹਿਸਾ ਲੈਣਗੇ ਤੇ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਏਕਜੁਟਤਾ ਦਿਖਾਉਣਗੇ।
ਇਹ ਯਾਤਰਾ 10 ਦਸੰਬਰ ਨੂੰ ਵਿਆਸ ਪਿੰਡ ਤੋਂ ਸ਼ੁਰੂ ਹੋਵੇਗੀ, ਜੋ ਮਹਾਨ ਧਾਵਕ ਸਰਦਾਰ ਫੌਜਾ ਸਿੰਘ ਦਾ ਜਨਮ ਸਥਾਨ ਹੈ, ਅਤੇ ਉਸੇ ਦਿਨ ਜਲੰਧਰ ਜ਼ਿਲ੍ਹੇ ਦੇ ਬਾਥੇ ਪਿੰਡ ਵਿੱਚ ਸਮਾਪਤ ਹੋਵੇਗੀ। 11 ਦਸੰਬਰ ਨੂੰ ਸ਼ਿਰਕਤਕਾਰ ਬਾਥੇ ਪਿੰਡ ਤੋਂ ਕਰਤਾਰਪੁਰ ਸਥਿਤ “ਜੰਗ-ਏ-ਆਜ਼ਾਦੀ ਸਮਾਰਕ” ਤੱਕ ਯਾਤਰਾ ਕਰਨਗੇ।
ਗਵਰਨਰ ਕਟਾਰੀਆ ਨੇ ਨਸ਼ੇ ਦੇ ਵਿਰੁੱਧ ਇਕਜੁਟ ਕਾਰਵਾਈ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਸਵੇਂ ਇਸ ਯਾਤਰਾ ਦੇ ਸਮਾਪਤੀ ਦਿਨ ਹਿੱਸਾ ਲੈਣਗੇ।
ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ:
“ਜਦੋਂ ਮੈਂ ਪੰਜਾਬ ਆਇਆ, ਤਾਂ ਦੇਖਿਆ ਕਿ ਇੱਥੇ ਦੇ ਲੋਕਾਂ ਵਿੱਚ ਨਸ਼ੇ ਦਾ ਪ੍ਰਭਾਵ ਬਹੁਤ ਵੱਧ ਗਿਆ ਹੈ। ਬਹੁਤ ਸਾਰੇ ਯਤਨ ਪਹਿਲਾਂ ਹੀ ਕੀਤੇ ਗਏ ਹਨ, ਪਰ ਹੋਰ ਬਹੁਤ ਜ਼ਿਆਦਾ ਯਤਨਾਂ ਦੀ ਲੋੜ ਹੈ। ਮੈਂ ਸੋਚਿਆ ਕਿ ਮੈਂ ਇਸ ਮੁਹਿੰਮ ਵਿੱਚ ਸ਼ਾਮਲ ਹੋ ਕੇ ਇਸਨੂੰ ਹੋਰ ਵਧਾਵਾਂ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੈਂ 10 ਤਾਰੀਖ ਨੂੰ ਇਸ ਯਾਤਰਾ ਵਿੱਚ ਜੁੜਾਂਗਾ।
ਪਹਿਲਾਂ ਸਾਡੇ ਪਰਿਵਾਰਕ ਢਾਂਚੇ ਮਜ਼ਬੂਤ ਸਨ, ਜਿੱਥੇ ਹਰ ਬੱਚੇ ਦੀ ਦੇਖਭਾਲ ਹੁੰਦੀ ਸੀ, ਪਰ ਹੁਣ ਸਮੇਂ ਦੀ ਕਮੀ ਕਾਰਨ ਅਸੀਂ ਬੱਚਿਆਂ ਨੂੰ ਸਮਾਂ ਨਹੀਂ ਦੇ ਸਕਦੇ। ਇਸ ਮੁੱਦੇ ‘ਤੇ ਪਰਿਵਾਰ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ। ਸਾਨੂੰ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਸਮਾਂ ਸਹੀ ਦਿਸ਼ਾ ਵਿੱਚ ਬਤੀਤ ਹੋਵੇ।
ਮੈਂ ਮੰਨਦਾ ਹਾਂ ਕਿ ਮਾਵਾਂ ਅਤੇ ਭੈਣਾਂ ਇਸ ਯਤਨ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ। ਜੇਕਰ ਪਰਿਵਾਰ ਵਿੱਚ ਕਿਸੇ ਕੁੜੀ ਜਾਂ ਬੱਚੇ ਦਾ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਦਰਦ ਨੂੰ ਇੱਕ ਮਾਂ ਜਾਂ ਭੈਣ ਹੀ ਸਮਝ ਸਕਦੀ ਹੈ। ਸਾਨੂੰ ਉਹਨਾਂ ਨੂੰ ਇਸ ਮੁਹਿੰਮ ਨਾਲ ਜੋੜਣ ਦੀ ਲੋੜ ਹੈ।”
ਗਵਰਨਰ ਨੇ ਦੱਸਿਆ ਕਿ ਉਹ ਪਿੰਡਾਂ ਦੀਆਂ ਕਮੇਟੀਆਂ ਅਤੇ ਸਥਾਨਕ ਪ੍ਰਤਿਨਿਧੀਆਂ ਨਾਲ ਚਰਚਾ ਕਰ ਚੁੱਕੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬੀਐਸਐਫ, ਪੁਲਿਸ, ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਨਸ਼ੇ ਦੀ ਸਮੱਸਿਆ ਦਾ ਹੱਲ ਕੱਢਣ ਦੇ ਯਤਨ ਜਾਰੀ ਹਨ। ਉਨ੍ਹਾਂ ਐਲਾਨ ਕੀਤਾ ਕਿ ਪਿੰਡਾਂ ਦੀਆਂ ਕਮੇਟੀਆਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ ਤਾਂ ਜੋ ਇਹ ਮੁਹਿੰਮ ਕਾਮਯਾਬ ਹੋ ਸਕੇ।
“ਰਾਜਪਾਲ ਨੇ ਕਿਹਾ, “ਸਾਡਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਯੁਵਾ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰੀਏ, ਤਾਂ ਜੋ ਉਹ ਦੇਸ਼ ਦੀ ਨਿਰਮਾਣ ਪ੍ਰਕਿਰਿਆ ਵਿੱਚ ਯੋਗਦਾਨ ਪਾ ਸਕਣ। ਇਸ ਲਈ ਸਾਨੂੰ ਸਮਾਜ ਦੇ ਹਰ ਵਰਗ ਤੋਂ ਸਹਿਯੋਗ ਪ੍ਰਾਪਤ ਕਰਨਾ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਅਸੀਂ ਵੱਖ-ਵੱਖ ਧਾਰਮਿਕ ਗੁਰੂਆਂ ਅਤੇ ਸਮਾਜ ਸੇਵੀਆਂ ਨਾਲ ਮਿਲ ਕੇ ਇਕ ਮੁਹਿੰਮ ਦੀ ਯੋਜਨਾ ਬਣਾਵਾਂਗੇ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਨਾਲ ਜੁੜ ਸਕਣ।”
ਮੁਹਿੰਮ ਦਾ ਉਦੇਸ਼:
ਇਸ ਮੁਹਿੰਮ ਦਾ ਉਦੇਸ਼ ਪੰਜਾਬ ਵਿੱਚ ਵੱਧ ਰਹੀ ਨਸ਼ੇ ਦੀ ਸਮੱਸਿਆ ਦਾ ਮੁਕਾਬਲਾ ਕਰਨਾ ਅਤੇ ਸਮਾਜ ਨੂੰ ਜਾਗਰੂਕ ਕਰਨਾ ਹੈ। ਨੌਜਵਾਨਾਂ ਨੂੰ ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਨਾਲ ਜੋੜ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਸਕਾਰਾਤਮਕ ਦਿਸ਼ਾ ਵਿੱਚ ਮੋੜਨ ਦਾ ਯਤਨ ਕੀਤਾ ਜਾਵੇਗਾ।