ਵਾਸ਼ਿੰਗਟਨ, 10 ਮਈ
ਅਮਰੀਕਾ ਦੇ ਨਾਮੀ ਡਿਪਲੋਮੈਟ ਨੇ ਕਿਹਾ ਹੈ ਕਿ ਅਮਰੀਕੀ ਧਰਤੀ ‘ਤੇ ਵੱਖਵਾਦੀ ਸਿੱਖ ਨੇਤਾ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਵਿਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਦੋਸ਼ਾਂ ‘ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਭਾਰਤ ਤੋਂ ਜਿਸ ਜਵਾਬਦੇਹੀ ਦੀ ਉਮੀਦ ਕੀਤੀ ਸੀ, ਉਹ ਹੁਣ ਤੱਕ ਚੁੱਕੇ ਕਦਮ ਤੋਂ ਸੰਤੁਸ਼ਟ ਹੈ। ਅਮਰੀਕੀ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵਿਚ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲ ਕੇ ਦੋਸ਼ ਲਗਾਇਆ ਸੀ। ਅਤਿਵਾਦ ਦੇ ਦੋਸ਼ਾਂ ‘ਚ ਭਾਰਤ ‘ਚ ਲੋੜੀਂਦੇ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਅਤਿਵਾਦੀ ਵਜੋਂ ਸੂਚੀਬੱਧ ਕੀਤਾ ਹੋਇਆ ਹੈ। ਭਾਰਤ ‘ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਅੱਜ ਅਮਰੀਕੀ ਥਿੰਕ-ਟੈਂਕ ‘ਕਾਊਂਸਿਲ ਆਨ ਫਾਰੇਨ ਰਿਲੇਸ਼ਨਜ਼’ (ਸੀਐੱਫਆਰ) ਵੱਲੋਂ ਕਰਵਾਏ ਸਮਾਗਮ ਦੌਰਾਨ ਕਿਹਾ,‘ਕਿਸੇ ਵੀ ਰਿਸ਼ਤੇ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ ਅਤੇ ਇਸ ਮਾਮਲੇ ਵਿੱਚ ਇਹ ਰਿਸ਼ਤੇ ਵਿੱਚ ਪਹਿਲਾ ਵੱਡਾ ਟਕਰਾਅ ਹੋ ਸਕਦਾ ਸੀ ਅਤੇ ਸ਼ੁਕਰ ਹੈ ਕਿ ਅਸੀਂ ਜਿਹੋ ਜਿਹੀ ਜਵਾਬਦੇਹੀ ਦੀ ਆਸ ਕੀਤੀ ਸੀ ਪ੍ਰਸ਼ਾਸਨ ਹੁਣ ਤੱਕ ਉਸ ਤੋਂ ਸੰਤੁਸ਼ਟ ਹੈ। ਇਹ ਅਮਰੀਕਾ ਅਤੇ ਸਾਡੇ ਨਾਗਰਿਕਾਂ ਲਈ ਮਹੱਤਵਪੂਰਨ ਹੈ। ਇਹ ਅਪਰਾਧਿਕ ਮਾਮਲਾ ਹੈ ਜਿਸ ‘ਤੇ ਮੁਕੱਦਮਾ ਚਲਾਇਆ ਗਿਆ ਹੈ। ਜੇ ਸਰਕਾਰੀ ਤੱਤ ਸ਼ਾਮਲ ਹਨ ਤਾਂ ਜਵਾਬਦੇਹੀ ਹੋਣੀ ਚਾਹੀਦੀ ਹੈ। ਅਸੀਂ ਇਸ ਜਵਾਬਦੇਹੀ ਦੀ ਉਮੀਦ ਸਿਰਫ਼ ਆਪਣੇ ਤੋਂ ਹੀ ਨਹੀਂ, ਭਾਰਤ ਤੋਂ ਵੀ ਕਰਦੇ ਹਾਂ।’