ਗੁਰੂਹਰਸਹਾਏ, 31 ਜਨਵਰੀ:
ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਗੁਰੂਹਰਸਹਾਏ ਨੇੜੇ ਫਿਰੋਜ਼ਪੁਰ ਮਾਰਗ ‘ਤੇ ਗੋਲੂ ਦਾ ਮੋੜ ਵਿਖੇ ਹੋਇਆ, ਜਦੋਂ ਇੱਕ ਪਿਕਅੱਪ ਵਾਹਨ ਸੜਕ ਕਿਨਾਰੇ ਖੜ੍ਹੇ ਖਰਾਬ ਕੈਂਟਰ ਨਾਲ ਜਾ ਟਕਰਾਇਆ।
ਮਿਲੀ ਜਾਣਕਾਰੀ ਅਨੁਸਾਰ, ਪਿਕਅੱਪ ‘ਚ ਲਗਭਗ 25 ਤੋਂ 30 ਵਿਅਕਤੀ ਸਵਾਰ ਸਨ, ਜੋ ਗੁਰੂਹਰਸਹਾਏ ਤੋਂ ਜਲਾਲਾਬਾਦ ਕਿਸੇ ਸਮਾਰੋਹ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ 9 ਲੋਕਾਂ ਦੀ ਮੌਤ ਮੌਕੇ ‘ਤੇ ਹੋ ਗਈ, ਜਦਕਿ ਹੋਰ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਹਿਲੀ ਜਾਂਚ ‘ਚ ਹਾਦਸੇ ਦਾ ਕਾਰਨ ਕੋਹਰਾ ਤੇ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।