ਮੋਦੀ ਹਕਮੂਤ ਵੱਲੋਂ ਕਿਸਾਨਾਂ ’ਤੇ ਜਬਰ ਖ਼ਿਲਾਫ਼ ਤਿੰਨ ਦਿਨ ਟੌਲਪਲਾਜ਼ੇ ਫ਼੍ਰੀ ਕਰਨ ਦਾ ਐਲਾਨ
ਜਗਰਾਂਓ, 20 ਫਰਵਰੀ, 2024-ਅੱਜ ਜਗਰਾਂਓ ਤਹਿਸੀਲ ਦੀਂਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਜਗਰਾਂਓ ਵਿਖੇ ਹੋਈ। ਮੀਟਿੰਗ ਵਿੱਚ 16 ਫਰਵਰੀ ਦੇ ਭਾਰਤ ਬੰਦ ਚ ਇਲਾਕੇ ਦੇ ਲੋਕਾਂ ਖਾਸ ਕਰ ਦੁਕਾਨਦਾਰ, ਵਪਾਰੀ ਵੀਰਾਂ ਅਤੇ ਪ੍ਰਾਈਵੇਟ ਸਕੂਲਾਂ ਦੀਂਆਂ ਮੈਨੇਜਮੈਂਟਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਮੀਟਿੰਗ ਵਿੱਚ ਸ਼ਾਮਲ ਸਮੂਹ ਕਿਸਾਨ, ਮਜਦੂਰ, ਮੁਲਾਜਮ ਜਥੇਬੰਦੀਆਂ ਦੀ ਵਧੀਆ ਹਿੱਸੇਦਾਰੀ ਖਾਸਕਰ ਔਰਤ, ਵਰਗ ਦੀ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਸਮੇਂ ਕੇਂਦਰ ਦੀ ਮੋਦੀ ਤੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਕਿਸਾਨ ਸੰਘਰਸ਼ ਲਈ ਅਪਣਾਏ ਜਾ ਰਹੇ ਲਟਕਾਊ ਤੇ ਮੁੱਦਿਆਂ ਨੂੰ ਗਲਤ ਰੂਪ ਦੇਣ ਦੇ ਵਤੀਰੇ ਦੀ ਸਖਤ ਨਿੰਦਾ ਕੀਤੀ ਗਈ। ਇਸ ਸਮੇਂ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 20 ਫਰਵਰੀ ਤੋਂ 22 ਫਰਵਰੀ ਤਕ ਚੋਕੀਮਾਨ ਅਤੇ ਰਕਬਾ ਟੋਲਪਲਾਜੇ ਫ੍ਰੀ ਕਰਕੇ ਤਿੰਨ ਦਿਨ ਰਾਤ ਦੇ ਧਰਨੇ ਦਿੱਤੇ ਜਾਣਗੇ।
ਉਨਾਂ ਕਿਹਾ ਕਿ ਮੋਦੀ ਹਕੂਮਤ ਅਸਲ ਮੁੱਦਿਆਂ ਤੋਂ ਪਰੇ ਜਾ ਕੇ ਮੰਗਾਂ ਨੂੰ ਉਲਝਾ ਰਹੀ ਹੈ ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੋਰਚੇ ਨਾਲ ਸਬੰਧਤ ਸਾਰੀਆਂ ਜਥੇਬੰਦੀਆਂ ਵੱਡੀ ਗਿਣਤੀ ਚ ਇਸ ਐਕਸ਼ਨ ਚ ਸ਼ਾਮਲ ਹੋਣਗੀਆਂ।
ਇਸ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜੋਗਿੰਦਰ ਸਿੰਘ ਢਿੱਲੋਂ, ਆਲ ਇੰਡੀਆ ਕਿਸਾਨ ਸਭਾ (1936) ਦੇ ਆਗੂ ਚਮਕੌਰ ਸਿੰਘ ਬੀਰਮੀ , ਚਰਨ ਸਿੰਘ ਸਰਾਭਾ, ਗੁਰਦੀਪ ਸਿੰਘ ਮੋਤੀ, ਆਲ ਇੰਡੀਆ ਕਿਸਾਨ ਸਭਾ (ਹਨਨ ਮੁੱਲਾ) ਦੇ ਆਗੂ ਨਿਰਮਲ ਸਿੰਘ ਧਾਲੀਵਾਲ ਅਤੇ ਜਗਦੀਸ਼ ਸਿੰਘ ਕਾਉਂਕੇ ਹਾਜਰ ਸਨ।