ਚੰਡੀਗੜ੍ਹ, 21 ਦਸੰਬਰ:
ਚੰਡੀਗੜ੍ਹ ਟਰਾਈਸਿਟੀ ਕੈਬ ਡਰਾਈਵਰ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਯੂਨੀਅਨ ਦੀਆਂ ਮੰਗਾਂ ਦੀ ਪੂਰਤੀ ਲਈ ਸੈਕਟਰ 25 ਦੀ ਗਰਾਊਂਡ ਵਿੱਚ 5 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਸਨ।
ਯੂਨੀਅਨ ਦੇ ਕਨਵੀਨਰ ਸੁਮਿਤ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਗਰੁੱਪ ਤਿੰਨ ਦਿਨ ਪਹਿਲਾਂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮਿਲਿਆ ਸੀ ਅਤੇ ਮਦਦ ਦੀ ਅਪੀਲ ਕੀਤੀ ਸੀ। ਸੂਦ ਅਗਲੇ ਦਿਨ ਮਰਨ ਵਰਤ ’ਤੇ ਬੈਠੇ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੂੰ ਮਿਲੇ ਅਤੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਪ੍ਰਸ਼ਾਸਨ ਨਾਲ ਜਲਦੀ ਹੀ ਗੱਲ ਕਰਨਗੇ। ਸੂਦ ਨੇ ਅਮਨਦੀਪ ਸਿੰਘ ਦੀ ਸਿਹਤ ਖ਼ਰਾਬ ਹੋਣ ਕਾਰਨ ਮਰਨ ਵਰਤ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ ਅਤੇ ਉਸੇ ਦਿਨ ਰਾਤ ਨੂੰ ਉਸ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਸ਼ੁਰੂ ਹੋ ਗਿਆ।
ਬੀਤੀ ਦੇਰ ਰਾਤ ਪ੍ਰਸ਼ਾਸਨ ਵੱਲੋਂ ਅਮਿਤ ਕੁਮਾਰ ਸਕੱਤਰ ਸਟੇਟ ਟਰਾਂਸਪੋਰਟ ਅਥਾਰਟੀ, ਨਵੀਨ ਰੱਤੂ ਐਸ.ਡੀ.ਐਮ ਸੈਂਟਰਲ ਅਤੇ ਡੀ.ਐਸ.ਪੀ ਸੈਂਟਰਲ ਨੇ ਸੈਕਟਰ 25 ਦੀ ਗਰਾਊਂਡ ਵਿੱਚ ਆ ਕੇ ਯੂਨੀਅਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁੱਖ ਮੰਗਾਂ ਕੈਬ ਐਗਰੀਗੇਟਰ ਪਾਲਿਸੀ ਦਾ ਨੋਟੀਫਿਕੇਸ਼ਨ 15 ਜਨਵਰੀ ਤੱਕ, ਦਿੱਲੀ ਦੀ ਤਰਜ਼ ‘ਤੇ ਕੈਬ ਦਾ ਕਿਰਾਇਆ 20 ਰੁਪਏ ਪ੍ਰਤੀ ਕਿਲੋਮੀਟਰ ਵਧਾਉਣ ਦਾ ਭਰੋਸਾ ਦਿੱਤਾ। ਇਸ ’ਤੇ ਯੂਨੀਅਨ ਨੇ ਮੰਗ ਕੀਤੀ ਕਿ ਦਿੱਲੀ ਵਿੱਚ ਸੀਐਨਜੀ ਦੀ ਕੀਮਤ 73 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਅਤੇ ਚੰਡੀਗੜ੍ਹ ਵਿੱਚ ਇਹੀ ਕੀਮਤ 95 ਰੁਪਏ ਹੈ, ਇਸ ਲਈ ਸੀਐਨਜੀ ਦੇ ਰੇਟ ਵਿੱਚ ਫਰਕ ਦੇ ਅਨੁਪਾਤ ਵਿੱਚ ਇਸ ਘੱਟੋ-ਘੱਟ ਰੇਟ ਵਿੱਚ ਵਾਧਾ ਕੀਤਾ ਜਾਵੇ।
ਅਤੇ ਉਨ੍ਹਾਂ ਮੰਗ ਕੀਤੀ ਕਿ ਕਿਰਾਏ ਵਿੱਚ ਵਾਧੇ ਸਬੰਧੀ ਇੱਕ ਫਾਰਮੂਲਾ ਬਣਾਇਆ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਅਤੇ ਇਸ ਨੂੰ ਮਹਿੰਗਾਈ ਨਾਲ ਜੋੜ ਕੇ ਹਰ ਸਾਲ ਸੋਧਿਆ ਜਾਵੇ।
ਇਸ ਤੋਂ ਬਾਅਦ ਅਰੁਣ ਸੂਦ, ਅਮਿਤ ਕੁਮਾਰ, ਨਵੀਨ ਰੱਤੂ ਅਤੇ ਡੀਐਸਪੀ ਸੈਂਟਰਲ ਨੇ ਅਮਨਦੀਪ ਸਿੰਘ ਨੂੰ ਜੂਸ ਪਿਲਾ ਕੇ ਮਰਨ ਵਰਤ ਸਮਾਪਤ ਕਰਾ ਦਿੱਤਾ।
ਸੁਮਿਤ ਛਾਬੜਾ ਨੇ ਯੂਨੀਅਨ ਦੀਆਂ ਮੰਗਾਂ ਮੰਨਣ ਲਈ ਪ੍ਰਸ਼ਾਸਨ ਅਤੇ ਅਰੁਣ ਸੂਦ ਵੱਲੋਂ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਭਰੋਸਾ ਅਨੁਸਾਰ ਯੂਨੀਅਨ ਦੀਆਂ ਮੰਗਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇਗਾ ਤਾਂ ਜੋ ਯੂਨੀਅਨ ਨੂੰ ਦੁਬਾਰਾ ਸੰਘਰਸ਼ ਦੀ ਲੋੜ ਨਾ ਪਵੇ।