ਚੰਡੀਗੜ/ ਫਿਰੋਜ਼ਪੁਰ 20 ਦਸੰਬਰ :
ਅੱਜ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਰਹਿਨੁਮਾਈ ਹੇਠ ਦਾਣਾ ਮੰਡੀ ਫਿਰੋਜ਼ਪੁਰ ਵਿਖੇ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਪਹੁੰਚ ਕੇ ਆਨੰਦ ਪ੍ਰਪਾਤ ਕੀਤਾ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਫਿਰੋਜ਼ਪੁਰ ਸ਼ਹਿਰ ਬਾਰੇ ਫਰਮਾਇਆ ਕਿ ਫਿਰੋਜ਼ ਤੋਂ ਭਾਵ ‘ਫਿਰ ਹਰ ਰੋਜ਼’ ਅਸੀਂ ਕੀ ਕਰਨਾ ਹੈ ਭਾਵ ਅਸੀਂ ਆਪਣੇ ਮਨ ਦਾ ਨਾਤਾ ਹਰ ਰੋਜ਼ ਪ੍ਰਮਾਤਮਾ ਨਾਲ ਜੋੜ ਕੇ ਰੱਖਣਾ ਹੈ। ਅਗਰ ਬ੍ਰਹਮਗਿਆਨ ਜੀਵਨ ਵਿੱਚ ਆ ਜਾਂਦਾ ਹੈ ਤਾਂ ਸਾਡਾ ਹਰ ਦਿਨ ਚੰਗਾ ਬਣ ਜਾਂਦਾ ਹੈ। ਭਗਤਾਂ ਦਾ ਜੀਵਨ ਉਸ ਫੁੱਲ ਵਾਂਗ ਹੁੰਦਾ ਹੈ ਜੋ ਕੰਡਿਆਂ ਵਿੱਚ ਰਹਿੰਦਿਆਂ ਹੋਇਆਂ ਸਭ ਨੂੰ ਮਹਿਕ ਦਿੰਦਾ ਹੈ।
ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ ਜਦੋਂ ਕਿਸੇ ਨਾਲ ਦੋਸਤੀ ਹੁੰਦੀ ਹੈ, ਉੱਥੇ ਹਿਸਾਬ ਕਿਤਾਬ ਨਹੀਂ ਹੁੰਦਾ। ਇਸੇ ਤਰ੍ਹਾਂ ਨਾਲ ਜਦੋਂ ਅਸੀਂ ਪ੍ਰਮਾਤਮਾ ਨਾਲ ਪਿਆਰ ਕਰਦੇ ਹਾਂ ਤਾਂ ਇਸ ਲਈ ਨਹੀਂ ਕਰਦੇ ਕਿ ਪ੍ਰਮਾਤਮਾ ਨੇ ਸਾਨੂੰ ਘਰ, ਪਰਿਵਾਰ ਅਤੇ ਕਾਰੋਬਾਰ ਦਿੱਤਾ ਹੈ ਸਗੋਂ ਇਸ ਲਈ ਪ੍ਰਮਾਤਮਾ ਨਾਲ ਪਿਆਰ ਕੀਤਾ ਜਾਂਦਾ ਹੈ ਕਿਉਂਕਿ ਪ੍ਰਮਾਤਮਾ ਪੂਰਨ ਹੈ ਸਰਵਵਿਆਪਕ ਹੈ, ਕਣ ਕਣ ਵਿੱਚ ਬਿਰਾਜਮਾਨ ਹੈ, ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਸਦਾ ਨਾਮ ਲੈ ਰਿਹਾ ਹੈ ਜਾਂ ਨਹੀਂ, ਅਗਰ ਅਸੀਂ ਜੀਵਨ ਵਿੱਚ ਪ੍ਰਮਾਤਮਾ ਨੂੰ ਸ਼ਾਮਿਲ ਕਰ ਲੈਂਦੇ ਹਾਂ ਤਾਂ ਉਸ ਨਾਲ ਹੀ ਸਾਡੇ ਜੀਵਨ ਦੀ ਬਿਹਤਰੀ ਹੈ।
ਇਨਸਾਨ ਹਮੇਸ਼ਾ ਆਪਣੇ ਆਪ ਨੂੰ ਹੀ ਸਹੀ ਸਮਝਦਾ ਹੈ ਦੂਜੇ ਨੂੰ ਸੁਣਨ ਅਤੇ ਸਮਝਣ ਨੂੰ ਬਿਲਕੁਲ ਵੀ ਤਿਆਰ ਨਹੀਂ , ਇਥੋਂ ਤੱਕ ਕਿ ਅਗਰ ਕਿਸੇ ਵਿੱਚ ਕੋਈ ਗਲਤੀ ਦਿਖਾਈ ਦਿੰਦੀ ਹੈ ਤਾਂ ਉਸ ਤੇ ਟੀਕਾ ਟਿੱਪਣੀ ਕਰਦਾ ਹੈ। ਇਹ ਨਹੀਂ ਸੋਚਦਾ ਕਿ ਅਗਰ ਕੋਈ ਉਸ ਵਿੱਚ ਹੀ ਗਲਤੀਆਂ ਕੱਢਣੀਆਂ ਸ਼ੁਰੂ ਕਰ ਦੇਵੇ ਤਾਂ ਉਹ ਆਪ ਕਿਥੇ ਖੜ੍ਹਾ ਹੋਵੇਗਾ । ਇਨਸਾਨ ਆਪਣੇ ਆਪ ਦਾ ਅੰਤਰਯਾਮੀ ਹੁੰਦਾ ਹੈ ਇਸ ਕਰਕੇ ਸਾਨੂੰ ਆਪਣੀਆਂ ਗਲਤੀਆਂ ਨੂੰ ਸੁਧਾਰ ਲੈਣਾ ਜਰੂਰੀ ਹੈ। ਅਸੀਂ ਹਮੇਸ਼ਾ ਗੁਣਾਂ ਨੂੰ ਹੀ ਆਪਣਾਉਂਦੇ ਜਾਣਾ ਹੈ ਅਤੇ ਨਿਰੰਕਾਰ ਨਾਲ ਨਾਤਾ ਜੋੜੀ ਰੱਖਣਾ ਹੈ। ਇਸ ਨਾਲ ਹੀ ਵਿਸਥਾਰ ਦਾ ਅਹਿਸਾਸ ਅਤੇ ਅਨੁਭਵ ਕਰਦੇ ਹੋਏ ਅਸੀਂ ਅਸੀਮ ਨਾਲ ਜੁੜ ਸਕਦੇ ਹਾਂ।
ਇਸ ਮੌਕੇ ਜੋਨਲ ਇੰਚਾਰਜ ਫਿਰੋਜਪੁਰ ਐਨ.ਐਸ. ਗਿੱਲ ਨੇ ਸੰਗਤਾਂ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਰਾਜਪਿਤਾ ਰਮਿਤ ਜੀ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਅਤੇ ਸ਼ੁਕਰਾਨਾ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸੇਵਾਦਲ ਦੇ ਅਧਿਕਾਰੀਆਂ ਅਤੇ ਮੈਬਰਾਂ ਤੋਂ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਿਕ ਅਤੇ ਰਾਜਨੀਤਿਕ ਸੰਸਥਾਵਾਂ ਤੋਂ ਆਏ ਹੋਏ ਪੰਤਵੰਤੇ ਸੱਜਣਾਂ, ਨਗਰ ਕੌਂਸਲ ਫਿਰੋਜ਼ਪੁਰ, ਜਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਆਦਿ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।