ਹਰਜੋਤ ਬੈਂਸ ਵੱਲੋਂ ਨੰਗਲ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਕੇਂਦਰੀ ਬਿਜਲੀ ਮੰਤਰੀ ਤੋਂ ਦਖ਼ਲ ਮੰਗਿਆ

Punjab Education Minister

ਚੰਡੀਗੜ੍ਹ, 19 ਅਪ੍ਰੈਲ:

ਨੰਗਲ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਅਤੇ ਸ਼ਹਿਰ ਦੇ ਵਸਨੀਕਾਂ ਦੇ ਜੀਵਨ-ਪੱਧਰ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਅੱਜ ਚੰਡੀਗੜ੍ਹ ਵਿਖੇ ਕੇਂਦਰੀ ਬਿਜਲੀ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਅਤੇ ਭਾਖੜਾ ਨੰਗਲ ਡੈਮ ਦੇ ਆਲੇ-ਦੁਆਲੇ ਵਸੇ ਇਸ ਸ਼ਹਿਰ ਨੂੰ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਮੰਗ ਰੱਖੀ।

ਨੰਗਲ ਨੂੰ ਇੱਕ ਮਾਡਲ ਸ਼ਹਿਰ ਅਤੇ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਕੇਂਦਰੀ ਮੰਤਰੀ ਤੋਂ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਸ. ਹਰਜੋਤ ਬੈਂਸ ਨੇ ਕੇਂਦਰੀ ਮੰਤਰੀ ਅੱਗੇ ਵੱਖ-ਵੱਖ ਪ੍ਰਾਜੈਕਟਾਂ ਦਾ ਪ੍ਰਸਤਾਵ ਰੱਖਿਆ, ਜਿਸ ਵਿੱਚ ਇੱਕ ਵਿਆਪਕ ਟਾਊਨਸ਼ਿਪ ਵਿਕਸਿਤ ਕਰਨ ਦੇ ਨਾਲ-ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਖੇਤਰ ਦਾ ਵਿਕਾਸ, ਮਨਮੋਹਕ ਦ੍ਰਿਸ਼ਾਂ ਨਾਲ ਲਬਰੇਜ ਸੁੰਦਰ ਰੇਲਵੇ ਲਾਈਨ ਵਿਛਾਉਣਾ ਅਤੇ ਭਾਖੜਾ ਨੰਗਲ ਡੈਮ ਅਜਾਇਬ ਘਰ ਦੇ ਉਸਾਰੀ ਕਾਰਜ ਨੂੰ ਪੂਰਾ ਕਰਨਾ ਸ਼ਾਮਲ ਸੀ।

ਨੰਗਲ ਦੀ ਇਤਿਹਾਸਕ ਮਹੱਤਤਾ ‘ਤੇ ਜ਼ੋਰ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਇਸ ਸ਼ਹਿਰ ਨੂੰ ਆਜ਼ਾਦੀ ਤੋਂ ਬਾਅਦ ਭਾਰਤ ਦੀ ਤਰੱਕੀ ਦੀ ਇੱਕ ਸ਼ਾਨਦਾਰ ਮਿਸਾਲ ਵਜੋਂ ਉਜਾਗਰ ਕੀਤਾ। ਉਨ੍ਹਾਂ ਨੇ 1960 ਅਤੇ 70 ਦੇ ਦਹਾਕੇ ਵਿੱਚ ਇਸ ਸ਼ਹਿਰ ਦੇ ਸੁਨਹਿਰੀ ਯੁੱਗ ਨੂੰ ਯਾਦ ਕੀਤਾ, ਜਦੋਂ ਇਸਨੂੰ ਭਾਰਤ ਦੇ ਸਭ ਤੋਂ ਸੁੰਦਰ, ਯੋਜਨਾਬੱਧ ਅਤੇ ਜੀਵੰਤ ਸ਼ਹਿਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਸੀ। ਇਸ ਸ਼ਹਿਰ ਦੇ ਸੁੰਦਰ ਰੁੱਖਾਂ ਨਾਲ ਲੱਦੇ ਰਾਹ, ਢਾਂਚਾਗਤ ਖਾਕਾ ਅਤੇ ਅਮੀਰ ਸੱਭਿਆਚਾਰਕ ਜੀਵਨ-ਸ਼ੈਲੀ ਪੰਜਾਬ ਅਤੇ ਪੂਰੇ ਦੇਸ਼ ਲਈ ਮਾਣ ਦਾ ਸਰੋਤ ਸੀ। ਹਾਲਾਂਕਿ, ਸਿੱਖਿਆ ਮੰਤਰੀ ਨੇ ਸਮੇਂ ਦੇ ਬੀਤਣ ਨਾਲ ਇਸ ਸ਼ਹਿਰ ਦੇ ਜੋਬਨ ਦੇ ਹੌਲੀ-ਹੌਲੀ ਗੁਆਚ ਜਾਣ ਉੱਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਇਹ ਸ਼ਹਿਰ “ਖੰਡਰ” ਬਣ ਕੇ ਰਹਿ ਗਿਆ ਹੈ, ਜੋ ਇਸਦੇ ਸ਼ਾਨਦਾਰ ਅਤੀਤ ਦਾ ਮਹਿਜ਼ ਇੱਕ ਪਰਛਾਵਾਂ ਮਾਤਰ ਹੈ।

ਸ਼ਹਿਰ ਵਿੱਚ ਇੱਕ ਵਿਆਪਕ ਟਾਊਨਸ਼ਿਪ ਵਿਕਸਿਤ ਕਰਨ ਦਾ ਪ੍ਰਸਤਾਵ ਰੱਖਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨੰਗਲ ਵਿੱਚ ਬੁਨਿਆਦੀ ਸ਼ਹਿਰੀ ਸਹੂਲਤਾਂ ਦੀ ਵੀ ਘਾਟ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਢੁਕਵੀਂ ਖਾਲੀ ਜ਼ਮੀਨ ਹੋਣ ਦੇ ਬਾਵਜੂਦ ਇਥੇ ਸਿਨੇਮਾ ਹਾਲ, ਸ਼ਾਪਿੰਗ ਕੰਪਲੈਕਸ ਅਤੇ ਮਨੋਰੰਜਨ ਕੇਂਦਰ ਨਹੀਂ ਹਨ। ਸ. ਹਰਜੋਤ ਸਿੰਘ ਬੈਂਸ ਨੇ ਸੁਝਾਅ ਦਿੱਤਾ ਕਿ ਪਾਰਦਰਸ਼ੀ ਪ੍ਰਕਿਰਿਆ ਤਹਿਤ ਜ਼ਮੀਨ ਦੇ ਇੱਕ ਹਿੱਸੇ ਨੂੰ ਲੀਜ਼ ‘ਤੇ ਦੇਣ ਨਾਲ ਸ਼ਹਿਰ ਦਾ ਮੁਹਾਂਦਰਾ ਬਦਲ ਸਕਦਾ ਹੈ, ਜਿਥੇ ਮਨੋਰੰਜਕ ਗਤੀਵਿਧੀਆਂ ਲਈ ਜ਼ੋਨ, ਸ਼ਾਪਿੰਗ ਆਰਕੇਡ, ਅਰਬਨ ਪਾਰਕ ਅਤੇ ਰੋਜ਼ਗਾਰ ਕੇਂਦਰ ਬਣ ਸਕਦੇ ਹਨ। ਇਹ ਨਾ ਸਿਰਫ਼ ਸ਼ਹਿਰ ਦੇ ਵਸਨੀਕਾਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕੇਗਾ ਬਲਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਲਈ ਬਾਕਾਇਦਾ ਮਾਲੀਆ ਦਾ ਸਰੋਤ ਵੀ ਬਣ ਸਕੇਗਾ।

ਸ. ਹਰਜੋਤ ਸਿੰਘ ਬੈਂਸ ਨੇ ਨੰਗਲ ਲੇਕ ਰਿਵਰਫਰੰਟ ਦੇ ਨਾਲ ਲੱਗਦੇ ਖੇਤਰ ਦੇ ਵਿਕਾਸ ਦੀ ਮੰਗ ਵੀ ਰੱਖੀ। ਉਨ੍ਹਾਂ ਨੇ ਸਦਨ ਦੇ ਨਾਲ ਲੱਗਦੀ ਰਿਵਰ ਵਿਊ ਰੋਡ ਨੂੰ ਇੱਕ ਸ਼ਾਨਦਾਰ ਕੁਦਰਤੀ ਦ੍ਰਿਸ਼ ਵਜੋਂ ਉਜਾਗਰ ਕਰਦਿਆਂ ਕਿਹਾ ਕਿ ਵਰਤਮਾਨ ਵਿੱਚ ਇਹ ਜਗ੍ਹਾ ਖਾਲ੍ਹੀ ਪਈ ਹੈ, ਜਿਸ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਹਿੱਸੇ ਨੂੰ ਇੱਕ ਵਿਸ਼ਵ ਪੱਧਰੀ ਰਿਵਰਫਰੰਟ ਵਿੱਚ ਬਦਲਣ ਲਈ ਇਥੇ ਸ਼ਾਂਤ ਸੈਰਗਾਹ ਅਤੇ ਪੈਦਲ ਚੱਲਣ ਤੇ ਸਾਈਕਲਿੰਗ ਲਈ ਟਰੈਕ, ਖਾਣ-ਪੀਣ ਵਾਲੀਆਂ ਅਤੇ ਸੱਭਿਆਚਾਰਕ ਥਾਵਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਸੈਲਾਨੀ ਆਕਰਸ਼ਿਤ ਹੋਣਗੇ ਅਤੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲੇਗਾ।

ਸ. ਹਰਜੋਤ ਸਿੰਘ ਬੈਂਸ ਨੇ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਵਜੋਂ ਇੱਕ ਸੁੰਦਰ ਰੇਲਵੇ ਲਾਈਨ ਦੀ ਉਸਾਰੀ ਦਾ ਪ੍ਰਸਤਾਵ ਰੱਖਦਿਆਂ ਕਿਹਾ ਕਿ ਨੰਗਲ ਤੋਂ ਭਾਖੜਾ ਡੈਮ ਤੱਕ ਪੁਰਾਣੀ ਰੇਲਵੇ ਲਾਈਨ, ਜੋ ਕਿ ਮਨਮੋਹਕ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ, ਨੂੰ ਵਿਕਸਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਇਸ ਰੂਟ ‘ਤੇ ਇੱਕ ਨਵੀਂ ਸ਼ੀਸ਼ੇ ਦੀ ਛੱਤ ਵਾਲੀ ਵਿਰਾਸਤੀ ਰੇਲਗੱਡੀ ਜਾਂ ਲਾਈਟ ਰੇਲ ਸਰਵਿਸ ਸ਼ੁਰੂ ਕੀਤੀ ਜਾ ਸਕਦੀ ਹੈ, ਜੋ ਵਿਲੱਖਣ ਅਨੁਭਵ ਪ੍ਰਦਾਨ ਕਰੇਗੀ ਅਤੇ ਨੰਗਲ ਨੂੰ ਵਿਸ਼ਵ ਦੇ ਸੈਰ-ਸਪਾਟਾ ਨਕਸ਼ੇ ‘ਤੇ ਮੁੜ-ਉਭਾਰੇਗੀ।

ਭਾਖੜਾ ਨੰਗਲ ਡੈਮ ਮਿਊਜ਼ੀਅਮ ਦੇ ਕਾਰਜ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਮੰਗ ਰੱਖਦਿਆਂ ਸ. ਬੈਂਸ ਨੇ ਇਸ ਅਜਾਇਬ ਘਰ ਦੇ ਨਿਰਮਾਣ ਵਿੱਚ ਲੰਬੀ ਦੇਰੀ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਕਾਰਜ ਲਈ ਕਈ ਸਾਲਾਂ ਤੋਂ ਨੀਂਹ ਪੱਥਰ ਤਾਂ ਰੱਖੇ ਜਾ ਰਹੇ ਹਨ ਪਰ ਕੰਮ ਅਜੇ ਤੱਕ ਮੁਕੰਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਅਜਾਇਬ ਘਰ, ਇੱਕ ਵਾਰ ਪੂਰਾ ਹੋਣ ਤੋਂ ਬਾਅਦ ਸੈਂਟਰ ਆਫ਼ ਲਰਨਿੰਗ ਐਂਡ ਪਰਾਈਡ ਵਜੋਂ ਕੰਮ ਕਰੇਗਾ, ਜਿਸ ਵਿੱਚ ਭਾਰਤ ਦੀ ਇੰਜਨੀਅਰਿੰਗ ਕਲਾ ਅਤੇ ਆਜ਼ਾਦੀ ਤੋਂ ਬਾਅਦ ਦੇ ਵਿਕਾਸ ਨੂੰ ਬਾਖੂਬੀ ਦਰਸਾਇਆ ਜਾ ਸਕੇਗਾ। ਉਨ੍ਹਾਂ ਨੇ ਇਸ ਸਬੰਧੀ ਕੇਂਦਰੀ ਬਿਜਲੀ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕਰਦਿਆਂ ਅਜਾਇਬ ਘਰ ਦੇ ਕਾਰਜ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਦੀ ਮੰਗ ਰੱਖੀ। ਉਨ੍ਹਾਂ ਨੇ ਭਾਰਤ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚਿਆਂ ਵਿੱਚੋਂ ਇੱਕ ਭਾਖੜਾ ਨੰਗਲ ਡੈਮ ਦੇ ਸੁੰਦਰੀਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸਬੰਧੀ ਇੱਕ ਰਣਨੀਤਕ ਲਾਈਟਨਿੰਗ ਯੋਜਨਾ ਦਾ ਸੁਝਾਅ ਦਿੱਤਾ ਜੋ ਇਸਨੂੰ ਦੁਨੀਆ ਭਰ ਦੇ ਮਸ਼ਹੂਰ ਡੈਮਾਂ ਅਤੇ ਰਿਵਰਫਰੰਟਜ਼ ਦੀ ਤਰਜ਼ ਉੱਤੇ ਰਾਤ ਦੇ ਸਮੇਂ ਆਕਰਸ਼ਣ ਦੇ ਮੁੱਖ ਕੇਂਦਰ ਵਿੱਚ ਬਦਲ ਸਕਦੀ ਹੈ।

ਨੰਗਲ ਲਈ ਇੱਕ ਪਾਰਦਰਸ਼ੀ ਅਤੇ ਆਧੁਨਿਕ ਲੀਜ਼ ਨੀਤੀ ਦੀ ਵੀ ਮੰਗ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਨੰਗਲ ਦੇ ਹਜ਼ਾਰਾਂ ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਸੋਧੀ ਹੋਈ ਲੀਜ਼ ਨੀਤੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਦਹਾਕਿਆਂ ਤੋਂ ਨੰਗਲ ਵਿੱਚ ਰਹਿੰਦੇ ਹੋਏ ਵੀ
ਲਗਾਤਾਰ ਉਜਾੜੇ ਦੇ ਡਰ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੀਜ਼ ਨੀਤੀ ਵਿੱਚ ਸਪੱਸ਼ਟਤਾ ਦੀ ਘਾਟ ਲੋਕਾਂ ਵਿੱਚ ਬੇਚੈਨੀ ਦਾ ਕਾਰਨ ਬਣਦੀ ਹੈ, ਜਿਸ ਨਾਲ ਨਿੱਜੀ ਨਿਵੇਸ਼ ‘ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਨੇ ਇੱਕ ਪਾਰਦਰਸ਼ੀ, ਲੋਕ-ਪੱਖੀ ਅਤੇ ਮਾਲੀਆ ਪੈਦਾ ਕਰਨ ‘ਤੇ ਕੇਂਦਰਤ ਲੀਜ਼ ਨੀਤੀ ਦੀ ਵਕਾਲਤ ਕੀਤੀ ਤਾਂ ਜੋ ਨੰਗਲ ਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਕੇ ਲੰਬੇ ਸਮੇਂ ਤੋਂ ਲਟਕ ਰਹੇ ਕਾਨੂੰਨੀ ਵਿਵਾਦਾਂ ਨੂੰ ਹੱਲ ਕਰੇਗੀ ਅਤੇ ਬੀਬੀਐਮਬੀ ਲਈ ਮਾਲੀਏ ਦਾ ਸਾਧਨ ਬਣੇਗੀ।

ਪੰਜਾਬ ਦੇ ਸਿੱਖਿਆ ਮੰਤਰੀ ਨੇ ਸ੍ਰੀ ਮਨੋਹਰ ਲਾਲ ਖੱਟਰ ਨੂੰ ਨੰਗਲ ਨੂੰ ਮਾਡਲ ਸ਼ਹਿਰ ਵਜੋਂ ਮੁੜ ਸੁਰਜੀਤ ਕਰਨ ਲਈ ਦਖਲ ਦੇਣ ਦੀ ਜ਼ੋਰਦਾਰ ਅਪੀਲ ਕਰਦਿਆਂ
ਕਿਹਾ ਕਿ ਨੰਗਲ ਰਹਿਮ ਦੀ ਨਹੀਂ, ਸਗੋਂ ਆਪਣੀ ਗੁਆਚੀ ਸ਼ਾਨ ਦੀ ਬਹਾਲੀ ਦੀ ਮੰਗ ਕਰਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

About Upfront News

ਅੱਪਫਰੰਟ ਨਿਊਜ਼ ਵਿੱਚ ਤੁਹਾਡਾ ਸੁਆਗਤ ਹੈ, ਖਬਰਾਂ, ਸੂਝ-ਬੂਝ ਅਤੇ ਵਿਸ਼ਲੇਸ਼ਣ ਲਈ ਤੁਹਾਡਾ ਭਰੋਸੇਯੋਗ ਸਰੋਤ। ਸਾਡੇ ਅੰਗਰੇਜ਼ੀ ਮੈਗਜ਼ੀਨ ਦੀ ਵਿਰਾਸਤ ਤੋਂ ਪੈਦਾ ਹੋਏ, ਅਸੀਂ ਇੱਕ ਗਤੀਸ਼ੀਲ ਵੈਬ ਪੋਰਟਲ ਵਿੱਚ ਵਿਕਸਤ ਹੋਏ ਹਾਂ, ਜੋ ਸਾਡੇ ਪਾਠਕਾਂ ਨੂੰ ਸਮੇਂ ਸਿਰ, ਸਹੀ ਅਤੇ ਦਿਲਚਸਪ ਸਮੱਗਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।

Contact Us

Address: Upfront News Scf 19/6 Sector 27 C Chandigarh

Phone Number: +91-9417839667

Email Address: info@upfront.news

For Advertisements

ਆਕਰਸ਼ਕ ਵਿਜ਼ੁਅਲਸ ਅਤੇ ਪ੍ਰੇਰਕ ਸੰਦੇਸ਼ਾਂ ਨਾਲ ਆਪਣੇ ਦਰਸ਼ਕਾਂ ਨੂੰ ਮੋਹਿਤ ਕਰੋ। ਸਾਡੇ ਇਸ਼ਤਿਹਾਰ ਇੱਕ ਸਥਾਈ ਪ੍ਰਭਾਵ ਛੱਡ ਕੇ ਰੁਝੇਵਿਆਂ ਨੂੰ ਵਧਾਉਂਦੇ ਹਨ। ਆਪਣੇ ਟੀਚੇ ਦੀ ਮਾਰਕੀਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੋ ਅਤੇ ਅੱਜ ਆਪਣੀ ਬ੍ਰਾਂਡ ਦੀ ਮੌਜੂਦਗੀ ਨੂੰ ਵਧਾਓ।