ਚੰਡੀਗੜ੍ਹ, 13 ਦਸੰਬਰ:
ਪੁਰਸ਼ਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਸੰਸਥਾ ਸੇਵ ਇੰਡੀਆਨ ਫੈਮਿਲੀ (SIF) ਨੇ ਸੈਕਟਰ 17 ਪਲਾਜ਼ਾ ਵਿੱਚ ਮੋਮਬੱਤੀ ਮਾਰਚ ਦਾ ਆਯੋਜਨ ਕੀਤਾ। ਇਹ ਮਾਰਚ ਮਸ਼ਹੂਰ ਇੰਜੀਨੀਅਰ ਅਤੁਲ ਸੁਭਾਸ਼ ਦੇ ਮਾਮਲੇ ਵਿੱਚ ਨਿਆਂ ਦੀ ਮੰਗ ਲਈ ਕੱਢਿਆ ਗਿਆ ਸੀ। ਇਸ ਮੌਕੇ ‘ਤੇ ਸੰਸਥਾ ਦੇ ਪ੍ਰਧਾਨ ਰੋਹਿਤ ਡੋਗਰਾ ਨੇ ਕਿਹਾ ਕਿ ਕਾਨੂੰਨੀ ਪੀੜਾ, ਕਾਨੂੰਨ ਰਾਹੀਂ ਧੋਖਾਧੜੀ, ਅਤੇ ਝੂਠੇ ਦੋਸ਼ਾਂ ਨੇ ਅਤੁਲ ਦੀ ਜ਼ਿੰਦਗੀ ਖਤਮ ਕਰ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਖੁਦਕੁਸ਼ੀ ਨਹੀਂ, ਸਗੋਂ ਪ੍ਰਣਾਲੀ ਦੀ ਨਾਕਾਮੀ ਕਾਰਨ ਅਤੁਲ ਦੀ ਮੌਤ ਹੋਈ ਹੈ। ਉਨ੍ਹਾਂ ਨੇ ਮਾਮਲੇ ਦੀ ਵਧੇਰੇ ਜਾਂਚ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ।
ਡੋਗਰਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੁਰਸ਼ਾਂ ਲਈ ਪੁਰਸ਼ ਆਯੋਗ ਅਤੇ ਪੁਰਸ਼ ਭਲਾਈ ਮੰਤਰਾਲਾ ਦੀ ਸਥਾਪਨਾ ਕਰੇ, ਜਿਸ ਤਰ੍ਹਾਂ ਮਹਿਲਾਵਾਂ ਲਈ ਰਾਸ਼ਟਰੀ ਮਹਿਲਾ ਆਯੋਗ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਹਨ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਮਹਿਲਾਵਾਂ ਦੀ ਸੁਰੱਖਿਆ ਲਈ 50 ਤੋਂ ਵੱਧ ਕਾਨੂੰਨ ਹਨ, ਜਿੱਥੇ 10,000 ਤੋਂ ਵੱਧ ਐਨਜੀਓ ਮਹਿਲਾਵਾਂ ਲਈ ਕੰਮ ਕਰ ਰਹੀਆਂ ਹਨ, ਅਤੇ ਜਿੱਥੇ ਉਨ੍ਹਾਂ ਦੇ ਵਿਕਾਸ ਲਈ ਕ੍ਰੋੜਾਂ ਰੁਪਏ ਖਰਚੇ ਜਾਂਦੇ ਹਨ, ਉਥੇ ਪੁਰਸ਼ਾਂ ਲਈ ਕੋਈ ਵੀ ਵਿਵਸਥਾ ਨਹੀਂ ਹੈ, ਹਾਲਾਂਕਿ ਉਹ ਜਨਸੰਖਿਆ ਦਾ ਅੱਧਾ ਹਿੱਸਾ ਬਣਦੇ ਹਨ।
ਡੋਗਰਾ ਨੇ 2022 ਦੇ NCRB ਡੇਟਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪ੍ਰਤੀ ਵਰ੍ਹੇ ਪੁਰਸ਼ਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦੀ ਗਿਣਤੀ 1,22,724 ਹੈ, ਜਦਕਿ ਮਹਿਲਾਵਾਂ ਲਈ ਇਹ ਗਿਣਤੀ 48,172 ਹੈ। ਵਿਆਹਸ਼ੁਦਾ ਪੁਰਸ਼ਾਂ ਦੀ ਗਿਣਤੀ 83,713 ਹੈ, ਜਦਕਿ ਵਿਆਹਸ਼ੁਦਾ ਮਹਿਲਾਵਾਂ ਦੀ 30,771 ਹੈ। ਭਾਰਤ ਵਿੱਚ ਹਰ 4.4 ਮਿੰਟਾਂ ਵਿੱਚ ਇੱਕ ਪੁਰਸ਼ ਖੁਦਕੁਸ਼ੀ ਕਰਦਾ ਹੈ ਅਤੇ ਹਰ 6.5 ਮਿੰਟ ਵਿੱਚ ਇੱਕ ਵਿਆਹਸ਼ੁਦਾ ਪੁਰਸ਼ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ ਹੈ।
ਡੋਗਰਾ ਨੇ ਹਰੇਕ ਜ਼ਿਲ੍ਹੇ ਵਿੱਚ ਖੁਦਕੁਸ਼ੀ ਰੋਕਣ ਲਈ ਹੈਲਪਲਾਈਨ ਸਥਾਪਤ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਘਰੇਲੂ ਹਿੰਸਾ ਐਕਟ, ਲਿੰਗ ਅਧਾਰਤ ਕਾਨੂੰਨਾਂ, ਧਾਰਾ 498ਏ, ਯੌਨ ਸ਼ੋਸ਼ਣ ਕਾਨੂੰਨਾਂ, ਬਲਾਤਕਾਰ ਕਾਨੂੰਨਾਂ ਆਦਿ ਵਿੱਚ ਸੋਧ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ, ਤਾ ਕਿ ਇਹ ਜੈਂਡਰ ਨੈੂਟਰਲ ਹੋਣ। ਉਨ੍ਹਾਂ ਨੇ ਸਿਫਾਰਸ਼ ਕੀਤੀ ਕਿ “ਪੁਰਸ਼” ਅਤੇ “ਔਰਤ” ਸ਼ਬਦਾਂ ਨੂੰ “ਵੈਕਤੀ” ਨਾਲ ਅਤੇ “ਪਤੀ” ਅਤੇ “ਪਤਨੀ” ਨੂੰ “ਜੋੜੇ” ਨਾਲ ਬਦਲਿਆ ਜਾਵੇ। ਉਨ੍ਹਾਂ ਨੇ ਧਾਰਾ 498ਏ ਵਰਗੇ ਮਿਸਯੂਜ਼ ਹੋਣ ਵਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਾਨੂੰਨਾਂ ਦੇ ਗਲਤ ਇਸਤੇਮਾਲ ਕਰਨ ਵਾਲਿਆਂ ਲਈ ਸਖਤ ਸਜ਼ਾਵਾਂ ਲਿਆਂਦੇ ਜਾਣ ਦੀ ਮੰਗ ਕੀਤੀ।
ਅੱਜ ਦੇ ਪ੍ਰਦਰਸ਼ਨ ਵਿੱਚ SIF-ਚੰਡੀਗੜ੍ਹ ਦੇ ਕਾਰਕੁਨ, ਜਿਵੇਂ ਕਿ ਅੰਕੁਰ ਸ਼ਰਮਾ, ਗੌਰਵ ਰਾਹੇਜਾ, ਮਹੇਸ਼ ਕੁਮਾਰ, ਸੰਦੀਪ ਕੁਮਾਰ, ਮੋਹਿਤ ਅਰੋੜਾ, ਰਵਿੰਦਰ ਸਿੰਘ, ਜਸਜੋਤ ਸਿੰਘ, ਅਮਨਦੀਪ ਸਿੰਘ, ਹਰਦੀਪ ਕੁਮਾਰ, ਨਵੀਨ ਕੁਮਾਰ, ਰੋਹਿਤ ਕੁਮਾਰ ਆਦਿ ਨੇ ਭਾਗ ਲਿਆ।