ਪੰਜਾਬ, 29 ਅਪ੍ਰੈਲ
ਕਾਂਗਰਸ ਨੇ ਸੋਮਵਾਰ ਨੂੰ ਚਾਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਆਪਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਹੈ। ਜਦੋਂਕਿ ਪੰਥਕ ਸੀਟ ਸ੍ਰੀ ਅਨੰਦਪੁਰ ਸਾਹਿਬ ਤੋਂ ਹਿੰਦੂ ਚਿਹਰੇ ਵਿਜੇ ਇੰਦਰ ਸਿੰਗਲਾ ‘ਤੇ ਦਾਅ ਖੇਡਿਆ ਗਿਆ ਹੈ।ਪਾਰਟੀ ਨੇ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ ਅਤੇ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਮੀਦਵਾਰ ਬਣਾਇਆ ਹੈ। ਹੁਣ ਸਿਰਫ਼ ਫ਼ਿਰੋਜ਼ਪੁਰ ਤੋਂ ਉਮੀਦਵਾਰ ਦਾ ਐਲਾਨ ਬਾਕੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਪੰਜਾਬ ਕਾਂਗਰਸ ਦੇ ਸਭ ਤੋਂ ਨੌਜਵਾਨ ਸੂਬਾ ਪ੍ਰਧਾਨ ਹਨ। ਸੁਖਜਿੰਦਰ ਰੰਧਾਵਾ ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਚਰਨਜੀਤ ਚੰਨੀ ਦੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ। ਰੰਧਾਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚ ਗਿਣੇ ਜਾਂਦੇ ਹਨ। ਵਿਜੇ ਇੰਦਰ ਸਿੰਗਲਾ ਮੂਲ ਰੂਪ ਵਿੱਚ ਪਟਿਆਲਾ ਦੇ ਰਹਿਣ ਵਾਲੇ ਹਨ । ਉਹ ਪਿਛਲੀ ਕਾਂਗਰਸ ਸਰਕਾਰ ਵਿੱਚ ਲੋਕ ਨਿਰਮਾਣ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਮੰਤਰੀ ਵੀ ਰਹਿ ਚੁੱਕੇ ਹਨ। ਉਹ ਪਾਰਟੀ ਦੇ ਪ੍ਰਮੁੱਖ ਹਿੰਦੂ ਚਿਹਰਿਆਂ ਵਿੱਚੋਂ ਇੱਕ ਹਨ । ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਕਾਂਗਰਸ ਦੀ ਟਿਕਟ ‘ਤੇ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਵਾਰ ਉਹ ਚੰਡੀਗੜ੍ਹ ਤੋਂ ਚੋਣ ਲੜ ਰਹੇ ਹਨ। ਕੁਲਬੀਰ ਜ਼ੀਰਾ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਹਨ। ਉਹ ਜ਼ੀਰਾ ਤੋਂ ਵਿਧਾਇਕ ਰਹਿ ਚੁੱਕੇ ਹਨ।