ਹਰਿਆਣਾ, 20 ਦਸੰਬਰ:
ਹਰਿਆਣਾ – ਪੰਜਾਬ ਦੇ ਖਨੌਰੀ ਬਾਰਡਰ ‘ ਤੇ ਪਿਛਲੇ 25 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈਕੇ ਅੱਜ ਤੀਜੇ ਦਿਨ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਨੇ ਡੱਲੇਵਾਲ ਦੀ ਸਿਹਤ ਨਾਲ ਸਬੰਧਤ ਅਪਡੇਟ ਰਿਪੋਰਟ ਦਿਤੀ।
ਅਦਾਲਤ ਨੇ ਕਿਹਾ ਕਿ ਡੱਲੇਵਾਲ ਨੂੰ ਮੋਰਚੇ ਦੇ ਨੇੜੇ ਬਣੇ ਆਰਜ਼ੀ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇ। ਇਸ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਡੱਲੇਵਾਲ ਦੇ ਸਾਰੇ ਟੈਸਟ ਕੀਤੇ ਗਏ ਹਨ, ਜੋਕਿ ਠੀਕ ਪਾਏ ਗਏ ਹਨ। ਉਨ੍ਹਾਂ ਦੀ ਸਿਹਤ ਅਜੇ ਸਥਿਰ ਹੈ। ਸਰਕਾਰ ਤੋਂ ਨਿਰਦੇਸ਼ ਲੈਕੇ ਅਤੇ ਕਿਸਾਨਾਂ ਦੀ ਇਜਾਜ਼ਤ ਨਾਲ ਉਨ੍ਹਾਂ ਨੂੰ ਸ਼ਿਫਟ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਡੱਲੇਵਾਲ ਦੇ ਵਸਨੀਕ ਹਨ। ਕੈਂਸਰ ਤੋਂ ਪੀੜਤ ਹੋਣ ਦੇ ਬਾਵਜੂਦ 70 ਸਾਲਾ ਜਗਜੀਤ ਸਿੰਘ ਡੱਲੇਵਾਲ ਕਿਸਾਨ ਸੰਘਰਸ਼ ਦੇ ਪ੍ਰਮੁੱਖ ਆਗੂ ਵਜੋਂ ਉੱਭਰੇ ਹਨ।